ਪੰਜਾਬ 'ਚ ਅਫੀਮ-ਭੁੱਕੀ ਦੀ ਖੇਤੀ ਦੀ ਮੰਗ ਨੂੰ ਲੈ ਕੇ ਕਿਸਾਨ ਆਗੂਆਂ ਵਿਚਾਲੇ ਛਿੜੀ ਜੰਗ
Babushahi Network
ਚੰਡੀਗੜ੍ਹ/ਲੁਧਿਆਣਾ, 20 ਮਾਰਚ 2026: ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵੱਲੋਂ ਅਫੀਮ ਅਤੇ ਭੁੱਕੀ ਦੇ ਠੇਕੇ ਖੋਲ੍ਹਣ ਦੀ ਕੀਤੀ ਹਮਾਇਤ ਨੇ ਕਿਸਾਨ ਜਥੇਬੰਦੀਆਂ ਨੂੰ ਦੋਫਾੜ ਕਰ ਦਿੱਤਾ ਹੈ। ਬੀਕੇਯੂ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦਲੀਲ ਦਿੱਤੀ ਹੈ ਕਿ, ਜੇਕਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਅਫੀਮ ਦੀ ਖੇਤੀ ਲਈ ਲਾਇਸੈਂਸ ਮਿਲ ਸਕਦੇ ਹਨ, ਤਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ? ਉਨ੍ਹਾਂ ਮੁਤਾਬਕ, ਅਫੀਮ ਅਤੇ ਭੁੱਕੀ ਦੀ ਕਾਨੂੰਨੀ ਵਿਕਰੀ ਨਾਲ ਨੌਜਵਾਨਾਂ ਨੂੰ ਮਾਰੂ 'ਚਿੱਟੇ' ਤੋਂ ਬਚਾਇਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਸੁਧਰ ਸਕਦੀ ਹੈ।
ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਦਾ ਇਤਰਾਜ਼
ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਮੰਗ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ, "ਨਸ਼ੇ ਦਾ ਵਿਕਲਪ ਨਸ਼ਾ ਨਹੀਂ ਹੋ ਸਕਦਾ। ਅਫੀਮ ਜਾਂ ਭੁੱਕੀ ਨੂੰ ਉਤਸ਼ਾਹਿਤ ਕਰਨਾ ਸਮਾਜ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਬਰਾਬਰ ਹੈ। ਅਸੀਂ ਅਜਿਹੀ ਕਿਸੇ ਵੀ ਮੰਗ ਦੇ ਹੱਕ ਵਿੱਚ ਨਹੀਂ ਹਾਂ ਜੋ ਨੌਜਵਾਨੀ ਨੂੰ ਕੁਰਾਹੇ ਪਾਵੇ।" ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਵੀ ਕਾਦੀਆਂ ਦੇ ਬਿਆਨ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਕਿਸਾਨਾਂ ਦਾ ਕੰਮ ਅੰਨ ਪੈਦਾ ਕਰਨਾ ਹੈ, ਨਸ਼ਾ ਵੇਚਣਾ ਨਹੀਂ।
ਅਫੀਮ ਅਤੇ ਭੁੱਕੀ ਦੀ ਖੇਤੀ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ 'ਓਪੀਅਮ ਵਾਰ' (Opium War) ਦਾ ਇਤਿਹਾਸ ਪੜ੍ਹਨ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਇਸ ਮੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ 'ਓਪੀਅਮ ਵਾਰ' (Opium War) ਦਾ ਇਤਿਹਾਸ ਪੜ੍ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ, ਨਾਰਕੋਟਿਕਸ ਅਤੇ NDPS ਐਕਟ ਨਾਲ ਸਬੰਧਤ ਕਾਨੂੰਨ ਸਿਰਫ਼ ਕੇਂਦਰ ਸਰਕਾਰ ਹੀ ਬਣਾ ਜਾਂ ਬਦਲ ਸਕਦੀ ਹੈ। ਵਰਤਮਾਨ ਵਿੱਚ ਅਫੀਮ ਅਤੇ ਭੁੱਕੀ ਦੀ ਤਸਕਰੀ ਜਾਂ ਖੇਤੀ NDPS ਐਕਟ ਅਧੀਨ ਗੰਭੀਰ ਅਪਰਾਧ ਹੈ।
Click to Follow Babushahi Facebook page →