ਪੰਜਾਬੀ ਲੇਖਕ ਮੰਚ ਦੀ ਮੀਟਿੰਗ ਵਿੱਚ ਕਹਾਣੀਆਂ ਰਾਹੀਂ ਪ੍ਰਵਾਸੀ ਜੀਵਨ ਦੇ ਯਥਾਰਥ 'ਤੇ ਗੰਭੀਰ ਚਰਚਾ
ਹਰਦਮ ਮਾਨ
ਸਰੀ, 16 ਫਰਵਰੀ 2026- ਪੰਜਾਬੀ ਲੇਖਕ ਮੰਚ ਦੀ ਵਿਸ਼ੇਸ਼ ਇਕੱਤਰਤਾ ਬੀਤੇ ਦਿਨੀਂ ਪ੍ਰੋਗ੍ਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਕੋਆਰਡੀਨੇਟਰ ਸੁਰਜੀਤ ਕਲਸੀ ਅਤੇ ਬਿੰਦੂ ਮਠਾੜੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੇ ਆਰੰਭ ਵਿੱਚ ਸਮੂਹ ਮੈਂਬਰਾਂ ਵੱਲੋਂ ਵਿਛੜ ਚੁੱਕੇ ਸਾਹਿਤਕਾਰਾਂ ਸੁਰਿੰਦਰ ਕੌਰ ਬਰਾੜ ਅਤੇ ਮਿੰਦਰ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ।
ਵਿਸ਼ੇਸ਼ ਤੌਰ 'ਤੇ ਕਹਾਣੀਆਂ ਲਈ ਰਾਖਵੀਂ ਰੱਖੀ ਗਈ ਇਸ ਮੀਟਿੰਗ ਵਿਚ ਸੱਤ ਲੇਖਕ ਕਹਾਣੀਆਂ ਲੈ ਕੇ ਆਏ ਸਨ ਪਰ ਸਮੇਂ ਦੀ ਸੀਮਾ ਅਨੁਸਾਰ ਤਿੰਨ ਪ੍ਰਮੁੱਖ ਕਹਾਣੀਆਂ ਪੜ੍ਹੀਆਂ ਗਈਆਂ। ਪਹਿਲੀ ਕਹਾਣੀ ਅਮਰਜੀਤ ਚਾਹਲ ਨੇ "ਬਾਹਰ ਗਏ ਲੋਕ" ਪੇਸ਼ ਕੀਤੀ। ਇਹ ਕਹਾਣੀ ਉਨ੍ਹਾਂ ਪੜ੍ਹੇ-ਲਿਖੇ ਮੱਧ-ਵਰਗੀ ਲੋਕਾਂ ਦੇ ਜੀਵਨ 'ਤੇ ਚਾਨਣਾ ਪਾਉਂਦੀ ਹੈ ਜੋ ਰਿਟਾਇਰਮੈਂਟ ਤੋਂ ਬਾਅਦ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਕੋਲ ਆ ਕੇ ਸਾਹਿਤ ਜਾਂ ਪੱਤਰਕਾਰੀ ਨਾਲ ਜੁੜ ਜਾਂਦੇ ਹਨ ਪਰ ਸਮਾਜਿਕ ਕੁਰੀਤੀਆਂ 'ਤੇ ਸਿੱਧੇ ਸਵਾਲਾਂ ਤੋਂ ਟਾਲਾ ਵਟਦੇ ਹਨ।
ਫਿਰ ਪ੍ਰਮਿੰਦਰ ਸਵੈਚ ਨੇ ਆਪਣੀ ਕਹਾਣੀ "ਤਿੜਕਿਆ ਖ਼ਾਬ" ਰਾਹੀਂ ਪੰਜਾਬੀ ਕੁੜੀਆਂ ਦੇ ਕੈਨੇਡਾ ਆਉਣ ਦੇ ਸੁਪਨਿਆਂ ਅਤੇ ਇੱਥੇ ਆ ਕੇ ਬੇਸਮੈਂਟਾਂ ਦੀ ਜ਼ਿੰਦਗੀ ਅਤੇ ਸਖ਼ਤ ਮਿਹਨਤ ਦੇ ਕੌੜੇ ਯਥਾਰਥ ਵਿਚਲੇ ਟਕਰਾਅ ਨੂੰ ਬਾਖ਼ੂਬੀ ਚਿਤਰਿਆ। ਡਾ. ਦਵਿੰਦਰ ਕੌਰ ਨੇ ਇੱਕ ਕਵਿਤਾ ਅਤੇ ਮਿੰਨੀ ਕਹਾਣੀ "ਕਿਹੜਾ ਨਾਲ ਲੈ ਜਾਣਾ" ਸਾਂਝੀ ਕੀਤੀ। ਇਸ ਵਿੱਚ ਮਾਪਿਆਂ ਦੇ ਆਪਣੇ ਬੱਚਿਆਂ ਪ੍ਰਤੀ ਮੋਹ ਅਤੇ ਜੀਵਨ ਦੇ ਅੰਤਿਮ ਪੜਾਅ ਦੀ ਕਸ਼ਮਕਸ਼ ਨੂੰ ਬਹੁਤ ਹੀ ਸੰਖੇਪ ਅਤੇ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਪੇਸ਼ ਕੀਤਾ ਗਿਆ।
ਇਨ੍ਹਾਂ ਰਚਨਾਵਾਂ 'ਤੇ ਹੋਈ ਭਰਪੂਰ ਵਿਚਾਰ-ਚਰਚਾ ਵਿੱਚ ਬਲਬੀਰ ਸੰਘਾ, ਅਜਮੇਰ ਰੋਡੇ, ਮਹਿੰਦਰਪਾਲ ਪਾਲ, ਬਿੰਦੂ ਮਠਾੜੂ, ਕੁਲਦੀਪ ਸਿੰਘ, ਸੁਖਵੰਤ ਹੁੰਦਲ, ਸਾਧੂ ਬਿਨਿੰਗ, ਸ਼ਾਨ ਗਿੱਲ, ਸੁਰਜੀਤ ਕਲਸੀ, ਇੰਦਰਜੀਤ ਧਾਮੀ, ਜਸਬੀਰ ਮਾਨ, ਸੁਖਦੇਵ ਧੂਰੀ ਅਤੇ ਸੁਖਚਰਨ ਸਿੰਘ ਸਿੱਧੂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਕਹਾਣੀਆਂ ਦੀ ਬਣਤਰ, ਵਿਸ਼ੇ ਅਤੇ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਨੂੰ ਯਥਾਰਥ ਦੇ ਬਹੁਤ ਨੇੜੇ ਦੱਸਿਆ।
ਮੀਟਿੰਗ ਦੇ ਦੂਜੇ ਪੜਾਅ ਵਿਚ ਸ਼ਾਨ ਗਿੱਲ ਨੇ ਆਪਣੇ ਗੀਤ "ਲੜਦੇ ਨੇ ਜਿਹੜੇ ਮਰਦੇ ਨੇ ਜਿਹੜੇ..." ਰਾਹੀਂ ਮਾਹੌਲ ਵਿੱਚ ਜੋਸ਼ ਭਰਿਆ। ਸੁਖਦੇਵ ਸਿੰਘ ਧੂਰੀ ਨੇ ਪੰਜਾਬ ਚੋਣਾਂ ਅਤੇ ਕੁਲਵੰਤ ਸਿੰਘ ਸਰੋਤਾ ਨੇ ਭਾਰਤ-ਅਮਰੀਕਾ ਸੰਧੀ ਬਾਰੇ ਕਵਿਤਾਵਾਂ ਪੜ੍ਹੀਆਂ। ਗੀਤਕਾਰ ਪ੍ਰੇਮਦੀਪ ਦੀਪ ਅਤੇ ਨਾਟਕਕਾਰ ਬੀਰ ਬਟਾਲਵੀ ਨੇ ਆਪਣੇ ਕਲਾਤਮਕ ਤਜਰਬੇ ਸਾਂਝੇ ਕੀਤੇ। ਇਸ ਮੌਕੇ ਗੁਰਦਰਸ਼ਨ ਬਾਦਲ, ਸੁਖਪ੍ਰੀਤ ਬੱਡੋਂ ਅਤੇ ਰਣਜੀਤ ਸਿੰਘ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਸਮਾਗਮ ਦਾ ਖ਼ਾਸ ਖਿੱਚ ਦਾ ਕੇਂਦਰ ਚਿੱਤਰਕਾਰ ਕੀਕੂ ਪਰਵਿੰਦਰ ਵੱਲੋਂ ਤਿਆਰ ਕੀਤਾ ਗਿਆ ਲੇਖਕ ਅਜਮੇਰ ਰੋਡੇ ਦਾ ਵਾਟਰ-ਕਲਰ ਪੋਰਟਰੇਟ ਸੀ, ਜੋ ਉਨ੍ਹਾਂ ਨੇ ਮੰਚ ਨੂੰ ਭੇਂਟ ਕੀਤਾ। ਅੰਤ ਵਿੱਚ ਅਮਰੀਕ ਪਲਾਹੀ ਅਤੇ ਸੁਰਜੀਤ ਕਲਸੀ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਮੀਟਿੰਗ ਦੀ ਸਮਾਪਤੀ ਕੀਤੀ।