ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਵਾਗਡੋਰ ਸਾਹਿਤਕਾਰਾਂ ਦੇ ਹੱਥ: ਕਰਨੈਲ ਸਿੰਘ ਕੈਲ ਬਣੇ ਪ੍ਰਧਾਨ
ਹਰਦਮ ਮਾਨ
ਸਿਆਟਲ, 6 ਫਰਵਰੀ 2026- ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਮਾਣਮੱਤੀ ਸੰਸਥਾ 'ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.)' ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਗਠਨ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਹੋਈ ਇੱਕ ਵਿਸ਼ਾਲ ਇਕੱਤਰਤਾ ਦੌਰਾਨ ਕੀਤਾ ਗਿਆ। ਸਭਾ ਦੇ ਮੋਢੀ ਮੈਂਬਰਾਂ ਅਤੇ ਸਰਪ੍ਰਸਤਾਂ ਦੀ ਅਗਵਾਈ ਹੇਠ ਲਏ ਗਏ ਫ਼ੈਸਲੇ ਅਨੁਸਾਰ, ਸਭਾ ਦੀ ਕਮਾਂਡ ਪੂਰੀ ਤਰ੍ਹਾਂ ਸਰਗਰਮ ਸਾਹਿਤਕਾਰਾਂ ਨੂੰ ਸੌਂਪ ਦਿੱਤੀ ਗਈ ਹੈ।
ਸਰਬਸੰਮਤੀ ਨਾਲ ਚੁਣੀ ਗਈ ਨਵੀਂ ਪ੍ਰਬੰਧਕੀ ਟੀਮ ਵਿੱਚ ਨਵੀਂ ਬਣੀ ਕਮੇਟੀ ਵਿੱਚ ਕਰਨੈਲ ਸਿੰਘ ਕੈਲ ਨੂੰ ਪ੍ਰਧਾਨ, ਬਲਵੀਰ ਸਿੰਘ ਲਹਿਰਾ ਨੂੰ ਮੀਤ ਪ੍ਰਧਾਨ, ਅਮਰਜੀਤ ਸਿੰਘ ਤਰਸਿੱਕਾ ਨੂੰ ਸਹਾਇਕ ਮੀਤ ਪ੍ਰਧਾਨ, ਗੁਰਪ੍ਰੀਤ ਸੋਹਲ ਨੂੰ ਜਨਰਲ ਸਕੱਤਰ, ਸਾਧੂ ਸਿੰਘ ਝੱਜ ਨੂੰ ਸਹਾਇਕ ਸਕੱਤਰ, ਸੁਖਦੀਪ ਸਿੰਘ ਔਲਖ ਨੂੰ ਰਿਕਾਰਡਿੰਗ ਸਕੱਤਰ, ਮੰਗਤ ਰਾਏ ਕੁਲਜਿੰਦ ਨੂੰ ਪ੍ਰੈੱਸ ਸਕੱਤਰ ਅਤੇ ਡਾ. ਸੁਖਵੀਰ ਸਿੰਘ ਬੀਹਲਾ ਨੂੰ ਮੀਡੀਆ ਜ਼ਿੰਮੇਵਾਰੀ ਸੌਂਪੀ ਗਈ। ਅਵਤਾਰ ਸਿੰਘ ਆਦਮਪੁਰੀ ਨੂੰ ਖ਼ਜ਼ਾਨਚੀ ਅਤੇ ਜੀਤਾ ਉੱਪਲ ਨੂੰ ਸਹਾਇਕ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਲੋਕ ਸੰਪਰਕ ਵਿਭਾਗ ਦੀ ਜ਼ਿੰਮੇਵਾਰੀ ਹਰਿੰਦਰਪਾਲ ਸਿੰਘ ਬੈਂਸ, ਜੈਸੀ ਰਿਆਤ ਅਤੇ ਸਤਿੰਦਰ ਕੌਰ ਜੱਗੀ ਨੂੰ ਦਿੱਤੀ ਗਈ।
ਸਭਾ ਦੇ ਸਾਹਿਤਕ ਕੱਦ ਨੂੰ ਉੱਚਾ ਚੁੱਕਣ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਇੱਕ ਸ਼ਕਤੀਸ਼ਾਲੀ ਮੁੱਖ ਦਿਸ਼ਾ-ਨਿਰਦੇਸ਼ਕ ਕਮਾਂਡ ਬਣਾਈ ਗਈ ਹੈ। ਇਸ ਵਿੱਚ ਹਰਦਿਆਲ ਸਿੰਘ ਚੀਮਾ ਵਹਿਣੀਵਾਲ, ਸ਼ਿੰਗਾਰ ਸਿੰਘ ਸਿੱਧੂ, ਵਾਸਦੇਵ ਸਿੰਘ ਪਰਹਾਰ, ਹਰਸ਼ਿੰਦਰ ਸਿੰਘ ਸੰਧੂ, ਡਾ. ਪ੍ਰੇਮ ਕੁਮਾਰ, ਹਰਜਿੰਦਰ ਸਿੰਘ ਨਾਗੋਕੇ, ਰਘਬੀਰ ਸਿੰਘ ਜ਼ਖ਼ਮੀ, ਅਮਰੀਕ ਸਿੰਘ ਰੰਧਾਵਾ ਅਤੇ ਸ਼ਿੰਦਰਪਾਲ ਔਜਲਾ ਸ਼ਾਮਲ ਹਨ। ਮੁੱਖ ਸਲਾਹਕਾਰਾਂ ਵਜੋਂ ਅਵਤਾਰ ਸਿੰਘ ਬਿਲਿੰਗ, ਮਨਜੀਤ ਕੌਰ ਗਿੱਲ, ਹਰਪਾਲ ਸਿੰਘ ਸਿੱਧੂ, ਡਾ. ਜਸਬੀਰ ਕੌਰ, ਮਨਜੀਤ ਸਿੰਘ ਚਾਹਲ, ਯਸ਼ ਸਾਥੀ ਲੁਧਿਆਣਵੀ ਅਤੇ ਈਸ਼ਰ ਸਿੰਘ ਗਰਚਾ ਆਪਣੀਆਂ ਸੇਵਾਵਾਂ ਦੇਣਗੇ।
ਨਵੀਂ ਕਮੇਟੀ ਨੇ ਅਗਲੇ ਦੋ ਸਾਲਾਂ ਲਈ ਸਭਾ ਦੀਆਂ ਗਤੀਵਿਧੀਆਂ ਨੂੰ ਰਚਨਾਤਮਕ ਦਿਸ਼ਾ ਦੇਣ ਦਾ ਪ੍ਰਣ ਲਿਆ। ਇਸ ਮੌਕੇ ਸਭ ਤੋਂ ਅਹਿਮ ਨੁਕਤਾ 'ਆਪਣਾ ਘਰ' (ਪੰਜਾਬੀ ਜਾਂ ਪੰਜਾਬ ਭਵਨ) ਬਣਾਉਣ ਦਾ ਉੱਭਰਿਆ, ਜਿਸ ਦੀ ਤਾਕੀਦ ਹਰਦਿਆਲ ਸਿੰਘ ਚੀਮਾ ਅਤੇ ਸਾਥੀਆਂ ਵੱਲੋਂ ਕੀਤੀ ਗਈ। ਸਭਾ ਨੇ ਸਿਆਟਲ ਖੇਤਰ ਨੂੰ ਆਪਣੀ ਮੁੱਖ ਕਰਮ-ਭੂਮੀ ਰੱਖਦੇ ਹੋਏ ਦੇਸ਼-ਵਿਦੇਸ਼ ਦੇ ਸਾਹਿਤਕਾਰਾਂ ਤੇ ਕਲਾਕਾਰਾਂ ਨਾਲ ਰਾਬਤਾ ਵਧਾਉਣ ਦਾ ਅਹਿਦ ਲਿਆ। ਪਿਛਲੇ ਸੱਤ ਮਹੀਨਿਆਂ ਤੋਂ ਛੇ ਮੈਂਬਰੀ ਬੋਰਡ ਦੀ ਦੇਖ-ਰੇਖ ਹੇਠ ਸਭਾ ਨੇ ਜੋ ਸਥਿਰਤਾ ਹਾਸਲ ਕੀਤੀ ਹੈ, ਹੁਣ ਨਵੀਂ ਕਮੇਟੀ ਉਸ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ। ਇਸ ਮੌਕੇ ਇਲਾਕੇ ਦੇ ਦਰਜਨਾਂ ਪਤਵੰਤੇ ਸੱਜਣਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕਰਕੇ ਨਵੀਂ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।