ਪੰਜਾਬੀ ਯੂਨੀਵਰਸਿਟੀ ਵਿਖੇ 'ਪਹਿਚਾਣ' ਨਾਮਕ ਪ੍ਰੋਜੈਕਟ ਦੀ ਰਿਪੋਰਟ ਕੀਤੀ ਗਈ ਜਾਰੀ
ਦਿਹਾਤੀ ਔਰਤਾਂ ਅਤੇ ਕਿਸ਼ੋਰ ਉਮਰ ਲੜਕੀਆਂ ਦੀ ਮਾਹਵਾਰੀ, ਪ੍ਰਜਣਨ ਅਤੇ ਸਮੁੱਚੇ ਸਿਹਤ ਸੁਧਾਰ 'ਤੇ ਕੇਂਦਰਿਤ ਹੈ ਪ੍ਰੋਜੈਕਟ
ਸਮਾਜਿਕ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਜਿਹੇ ਪ੍ਰੋਜੈਕਟ: ਡਾ. ਜਗਦੀਪ ਸਿੰਘ
ਪਟਿਆਲਾ, 21 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ 'ਪਹਿਚਾਣ' ਸਿਰਲੇਖ ਤਹਿਤ ਕੀਤੇ ਗਏ ਇੱਕ ਪ੍ਰਾਜੈਕਟ ਦੀ ਰਿਪੋਰਟ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਐੱਸ. ਯੂ. ਐੱਸ. ਸੀ. ਟੀ. ਟੰਗੋਰੀ (ਮੋਹਾਲੀ) ਦੇ ਸਾਬਕਾ ਡੀਨ ਡਾ. ਸੁਖਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ 'ਗਲੋਬਲ ਸਿੱਖਸ' ਸੰਸਥਾ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਪ੍ਰਾਜੈਕਟ ਦਿਹਾਤੀ ਔਰਤਾਂ ਅਤੇ ਕਿਸ਼ੋਰ ਉਮਰ ਲੜਕੀਆਂ ਦੇ ਮਾਹਵਾਰੀ, ਪ੍ਰਜਣਨ ਅਤੇ ਸਮੁੱਚੇ ਸਿਹਤ ਸੁਧਾਰ 'ਤੇ ਕੇਂਦਰਿਤ ਪਹਿਲਕਦਮੀ ਹੈ। ਇਸ ਪ੍ਰਾਜੈਕਟ ਦਾ ਮੁੱਖ ਮਨੋਰਥ ਮਾਹਵਾਰੀ ਅਤੇ ਪ੍ਰਜਨਨ ਸਿਹਤ ਬਾਰੇ ਵਿਗਿਆਨਕ ਤੌਰ 'ਤੇ ਸਹੀ ਅਤੇ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਜਾਣਕਾਰੀ ਸਿੱਧੀ ਦਿਹਾਤੀ ਭਾਈਚਾਰਿਆਂ ਤੱਕ ਪਹੁੰਚਾਉਣਾ ਸੀ। ਇਸ ਪ੍ਰੋਗਰਾਮ ਤਹਿਤ ਸੱਤ ਪਿੰਡਾਂ ਅਤੇ ਦੋ ਸਕੂਲਾਂ ਦੀਆਂ ਲਗਭਗ 1,500 ਔਰਤਾਂ ਅਤੇ ਕਿਸ਼ੋਰ ਉਮਰ ਲੜਕੀਆਂ ਤੱਕ ਪਹੁੰਚ ਕੀਤੀ ਗਈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਔਰਤਾਂ ਦੀ ਸਿਹਤ ਅਤੇ ਮਾਹਵਾਰੀ ਵਰਗੇ ਮੁੱਦਿਆਂ 'ਤੇ ਜਾਗਰੂਕਤਾ ਫੈਲਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨਾਰੀ ਅਧਿਐਨ ਕੇਂਦਰ ਅਤੇ 'ਗਲੋਬਲ ਸਿੱਖਸ' ਦੇ ਇਸ ਸਾਂਝੇ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਸਮਾਜਿਕ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਮੁੱਖ ਮਹਿਮਾਨ ਡਾ. ਸੁਖਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਵਲ ਸੈਨੇਟਰੀ ਪੈਡਾਂ ਦੀ ਵੰਡ ਤੱਕ ਸੀਮਤ ਰਹਿਣ ਦੀ ਬਜਾਏ, 'ਪਹਿਚਾਣ' ਪ੍ਰੋਗਰਾਮ ਨੇ ਔਰਤਾਂ ਅਤੇ ਲੜਕੀਆਂ ਨੂੰ ਮਾਹਵਾਰੀ, ਪ੍ਰਜਨਨ ਸਿਹਤ, ਪੋਸ਼ਣ ਅਤੇ ਸਮਾਜ ਵਿੱਚ ਫੈਲੀਆਂ ਭਰਮ-ਭੁਲੇਖਿਆਂ 'ਤੇ ਖੁੱਲ੍ਹ ਕੇ ਗੱਲ ਕਰਨ ਲਈ ਇੱਕ ਸੁਰੱਖਿਅਤ ਮੰਚ ਪ੍ਰਦਾਨ ਕੀਤਾ ਹੈ, ਜੋ ਕਿ ਇੱਕ ਸਲਾਹੁਣਯੋਗ ਕਦਮ ਹੈ।
ਜ਼ਿਕਰਯੋਗ ਹੈ ਕਿ ਕੇਵਲ ਮਾਹਵਾਰੀ ਸਫਾਈ ਅਤੇ ਸੈਨੇਟਰੀ ਪੈਡਾਂ ਦੀ ਵੰਡ ਤੱਕ ਸੀਮਤ ਰਹਿਣ ਦੀ ਬਜਾਏ, 'ਪਹਿਚਾਣ' ਪ੍ਰਾਜੈਕਟ ਰਾਹੀਂ ਔਰਤਾਂ ਅਤੇ ਔਰਤ-ਬੱਚੀਆਂ ਨੂੰ ਮਾਹਵਾਰੀ, ਪ੍ਰਜਨਨ ਸਿਹਤ, ਪੋਸ਼ਣ, ਸਰੀਰਕ ਤੰਦਰੁਸਤੀ, ਸਮਾਜ ਵਿੱਚ ਫੈਲੀਆਂ ਭਰਮ-ਭੁਲੇਖਿਆਂ ਅਤੇ ਸਹੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਆਉਂਦੀਆਂ ਰੁਕਾਵਟਾਂ 'ਤੇ ਖੁੱਲ੍ਹ ਕੇ ਚਰਚਾ ਕਰਨ ਲਈ ਇੱਕ ਖੁੱਲ੍ਹਾ ਮੰਚ ਪ੍ਰਦਾਨ ਕੀਤਾ ਗਿਆ।
ਰਿਪੋਰਟ ਜਾਰੀ ਕਰਨ ਦੇ ਸਮਾਗਮ ਦੌਰਾਨ ਇੱਕ ਪਾਵਰਪੁਆਇੰਟ ਪੇਸ਼ਕਾਰੀ ਰਾਹੀਂ ਪ੍ਰੋਗਰਾਮ ਦੇ ਸਫ਼ਰ, ਖੇਤਰੀ ਤਜਰਬਿਆਂ, ਪ੍ਰਮੁੱਖ ਸਮੀਖਿਆਵਾਂ ਅਤੇ ਮੁੱਖ ਪ੍ਰਾਪਤੀਆਂ ਦੀ ਝਲਕ ਪੇਸ਼ ਕੀਤੀ ਗਈ। ਇਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਭਾਈਚਾਰਕ ਗੱਲਬਾਤ ਨੇ ਉਹਨਾਂ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜੋ ਅਕਸਰ ਝਿਜਕ, ਸਮਾਜਿਕ ਬੰਧਨਾਂ ਅਤੇ ਸਹੀ ਜਾਣਕਾਰੀ ਦੀ ਘਾਟ ਕਾਰਨ ਅਣਕਹੇ ਰਹਿ ਜਾਂਦੇ ਹਨ।
- Download Babushahi App
-
-