ਪ੍ਰਸਿੱਧ ਗਲਪਕਾਰ ਪ੍ਰੋ. ਬਲਜੀਤ ਕੌਰ ਬੱਲੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਮਨੁੱਖੀ ਸਮਾਜ ਦੇ ਅਸਲੀ ਸੱਚ ਦੀ ਪੇਸ਼ਕਾਰ ਸੀ ‘ਪ੍ਰੋ. ਬੱਲੀ’ –ਡਾ. ਦਰਸ਼ਨ ਸਿੰਘ ਆਸ਼ਟ
ਪਟਿਆਲਾ,6 ਫਰਵਰੀ, ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਅਤੇ ਸਾਹਿਤ ਅਕਦਾਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬੀ ਦੀ ਉੱਘੇ ਗਲਪਕਾਰ ਪ੍ਰੋ. ਬਲਜੀਤ ਕੌਰ ਬੱਲੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਡਾ. ਬੱਲੀ ਨੇ ਆਪਣੇ ਨਾਵਲਾਂ ਅਤੇ ਕਹਾਣੀਆਂ ਰਾਹੀਂ ਮਨੁੱਖੀ ਸਮਾਜ ਦੀ ਵਾਸਵਿਕ ਤਸਵੀਰ ਨੂੰ ਪੇਸ਼ ਕੀਤਾ ਅਤੇ ਔਰਤ, ਮਰਦ ਦੇ ਰਿਸ਼ਤਿਆਂ ਨੂੰ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਬਾਖ਼ੂਬੀ ਪੇਸ਼ ਕਰਦੇ ਹੋਏ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਡੂੰਘਾ ਯੋਗਦਾਨ ਪਾਇਆ। ਡਾ.ਆਸ਼ਟ ਨੇ ਕਿਹਾ ਕਿ ਪ੍ਰੋ. ਬੱਲੀ ਨੇ ਆਪਣੀ ਛਾਵੇ, ਠਰੀ ਰਾਤ, ਧੁੱਪ ਦੀ ਵਾਟ ਅਤੇ ਗੁਆਚੇ ਸੂਰਜ ਨਾਵਲਾਂ ਤੋਂ ਇਲਾਵਾ ਤੇ ਨਕਸ਼ ਮਿਟਦੇ ਗਏ, ਹਾਦਸੇ, ਹਵਾਲੇ, ਸਲੀਬਾਂ ਅਤੇ ਇੱਕ ਪੈਰ ਵਾਲਾ ਘਰ ਆਦਿ ਕਹਾਣੀ ਸੰਗ੍ਰਹਿਆਂ ਰਾਹੀਂ ਮਨੁੱਖੀ ਮਾਨਸਿਕਤਾ ਦੀਆਂ ਸੁਖਮਤਾਈਆਂ ਨੂੰ ਪਾਠਕਾ ਸਾਹਮਣੇ ਪੇਸ਼ ਕੀਤਾ। ਪ੍ਰੋ. ਬੱਲੀ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਬਤੌਰ ਅਧਿਆਪਕਾ ਸੇਵਾਵਾਂ ਪ੍ਰਦਾਨ ਕੀਤੀਆਂ । ਉਹ ਪੰਜਾਬੀ ਸੱਭਿਆਚਾਰ ਮੰਚ ਪਟਿਆਲਾ ਦੇ ਉਪ-ਪ੍ਰਧਾਨ ਵੀ ਰਹੇ।
ਇਸ ਦੌਰਾਨ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਕਾਰਜਕਾਰਨੀ ਵਿਚ ਸ਼ਾਮਿਲ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਸਭਾ ਦੇ ਵਰਤਮਾਨ ਸਰਪ੍ਰਸਤ ਕਹਾਣੀਕਾਰ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਡਾ.ਰਾਜਵੰਤ ਕੌਰ ਪੰਜਾਬੀ, ਜਨਰਲ ਸਕੱਤਰ ਦਵਿੰਦਰ ਪਟਿਆਲਵੀਂ, ਬਲਬੀਰ ਸਿੰਘ ਦਿਲਦਾਰ, ਡਾ. ਹਰਪ੍ਰੀਤ ਸਿੰਘ ਰਾਣਾ, ਸੁਖਦੇਵ ਸਿੰਘ ਚਹਿਲ ਅਤੇ ਨਵਦੀਪ ਸਿੰਘ ਮੁੰਡੀ ਆਦਿ ਨੇ ਵੀ ਪ੍ਰੋ.ਬੱਲੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।