ਪੀ ਏ ਯੂ ਨੇ ਹੜ੍ਹਾਂ ਤੋਂ ਬਾਅਦ ਪੰਜਾਬ ਵਿੱਚ ਨਵੇਂ ਨਦੀਨਾਂ ਬਾਰੇ ਕਿਸਾਨਾਂ ਨੂੰ ਸੁਚੇਤ ਕੀਤਾ
ਲੁਧਿਆਣਾ 11 ਜੂਨ, 2026- ਬੀਤੇ ਸਾਲਾਂ 2023 ਅਤੇ 2025 ਵਿੱਚ ਪੰਜਾਬ ਵਿੱਚ ਆਏ ਭਾਰੀ ਹੜ੍ਹਾਂ ਨੇ ਫਸਲਾਂ ਦੇ ਉਤਪਾਦਨ ਦੇ ਨਾਲ ਨਾਲ ਖੇਤੀ ਦੇ ਬੁਨਿਆਦੀ ਢਾਂਚੇ ਅਤੇ ਸਰੋਤਾਂ ਦਾ ਨੁਕਸਾਨ ਕੀਤਾ ਹੈ। ਇਸ ਸੰਬੰਧ ਵਿਚ ਪੀ ਏ ਯੂ ਦੇ ਵਿਗਿਆਨੀਆਂ ਨੇ ਵਾਤਾਵਰਣ ਵਿੱਚ ਪੈਦਾ ਹੋ ਰਹੀ ਨਵੀਂ ਦਿੱਕਤ ਦੀ ਪਛਾਣ ਕੀਤੀ ਹੈ। ਇਸ ਮੁਤਾਬਕ ਹੜ੍ਹਾਂ ਨਾਲ ਰੁੜ੍ਹ ਕੇ ਆਏ ਬੀਜਾਂ ਤੋਂ ਪੈਦਾ ਹੋਣ ਵਾਲੇ ਨਦੀਨਾਂ ਰਾਜ ਦੀ ਖੇਤੀਬਾੜੀ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਸਕਦੇ ਹਨ।
ਪੀ ਏ ਯੂ ਦੁਆਰਾ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ, ਅੰਮ੍ਰਿਤਸਰ ਅਤੇ ਪਟਿਆਲਾ ਸ਼ਾਮਲ ਵਿੱਚ ਕੀਤੇ ਗਏ ਸਰਵੇਖਣ ਵਿੱਚ ਨਦੀਨਾਂ ਦੀਆਂ ਨਵੀਆਂ ਕਿਸਮਾਂ ਦੇ ਉਭਾਰ ਅਤੇ ਬਨਸਪਤੀ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਖੁਲਾਸਾ ਹੋਇਆ ਹੈ। ਇਹ ਖੋਜਾਂ ਖੇਤੀ ਵਾਤਾਵਰਣ ਪ੍ਰਣਾਲੀਆਂ ਉੱਪਰ ਮੌਸਮੀ ਹਾਲਾਤ ਉੱਪਰ ਪੈਣ ਵਾਲੇ ਲੰਮੇ ਸਮੇਂ ਦੇ ਪ੍ਰਭਾਵ ਵੱਲ ਇਸ਼ਾਰਾ ਕਰਦੀਆਂ ਹਨ। ਮਾਹਿਰਾਂ ਨੇ ਕਿਸਾਨਾਂ ਨੂੰ ਚੌਕਸ ਕਰਦਿਆਂ ਸਮੇਂ ਸਿਰ ਧਿਆਨ ਦੇਣ ਦੀ ਲੋੜ ਉਜਾਗਰ ਕੀਤੀ ਹੈ।
ਇਨ੍ਹਾਂ ਖੇਤਰਾਂ ਵਿਚ ਹੋਏ ਸਰਵੇਖਣ ਤੋਂ ਪਤਾ ਚੱਲਿਆ ਕਿ ਤਿੰਨ ਨਦੀਨਾਂ ਦੀਆਂ ਕਿਸਮਾਂ ਵਿੱਚ ਜੰਗਲੀ ਮੂਲੀ, ਸੈਲਰੀ-ਲੀਵਡ ਬਟਰਕਪ ਜਾਂ ਜਲ ਧਨੀਆ , ਅਤੇ ਮਾਰਸ਼ ਪੀਲੀ-ਕ੍ਰੇਸ ਦੇਖਣ ਨੂੰ ਮਿਲੀਆਂ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪ੍ਰਜਾਤੀਆਂ ਹੜ੍ਹ ਦੇ ਪਾਣੀਆਂ ਰਾਹੀਂ ਪਹਾੜੀ ਖੇਤਰਾਂ ਤੋਂ ਬੀਜ ਅਤੇ ਬਨਸਪਤੀ ਦੇ ਰੂਪ ਵਿਚ ਆਈਆਂ ਹਨ। ਕੁਝ ਥਾਵਾਂ 'ਤੇ, ਮਾਰਸ਼ ਪੀਲੀ-ਕ੍ਰੇਸ ਮਟਰ ਦੇ ਖੇਤਾਂ ਵਿੱਚ ਪ੍ਰਭਾਵੀ ਦੇਖੀ ਗਈ। ਇਹ ਬੂਟੀ ਕਾਸ਼ਤ ਕੀਤੇ ਖੇਤਰਾਂ ਵਿੱਚ ਫੈਲਾਅ ਦੀ ਕੋਸ਼ਿਸ਼ ਵਿਚ ਰਹਿੰਦੀ ਹੈ।
ਸਰਵੇਖਣ ਨੇ ਹਾੜੀ ਦੇ ਮੌਸਮ ਦੌਰਾਨ ਨਦੀਨਾਂ ਪੱਖੋਂ ਧਿਆਨ ਦੇਣ ਯੋਗ ਤਬਦੀਲੀਆਂ ਵੀ ਸਾਮ੍ਹਣੇ ਲਿਆਂਦੀਆਂ ਹਨ। ਕਈ ਨਦੀਨ ਹੜ੍ਹ ਦੇ ਪ੍ਰਭਾਵ ਵਿਚ ਰਹੇ ਨਮੀ ਵਾਲੇ ਖੇਤਾਂ ਵਿੱਚ ਦਿਖਾਈ ਦਿੱਤੀਆਂ। ਇਹ ਤਬਦੀਲੀ ਚਿੰਤਾ ਦਾ ਕਾਰਨ ਲਗਦੀ ਹੈ ਕਿਉਂਕਿ ਨਦੀਨ ਪੌਸ਼ਟਿਕ ਤੱਤਾਂ, ਨਮੀ, ਸੂਰਜ ਦੀ ਰੌਸ਼ਨੀ ਅਤੇ ਜ਼ਮੀਨ ਲਈ ਫਸਲਾਂ ਨਾਲ ਸਿੱਧਾ ਮੁਕਾਬਲਾ ਕਰਦੇ ਹਨ। ਬਹੁਤ ਸਾਰੇ ਕੀੜੇ-ਮਕੌੜਿਆਂ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਠਾਹਰ ਵਜੋਂ ਵੀ ਇਹ ਬਨਸਪਤੀ ਪ੍ਰਜਾਤੀਆਂ ਕੰਮ ਕਰਦੀਆਂ ਹਨ, ਜਿਸ ਨਾਲ ਖੇਤੀ ਉਤਪਾਦਕਤਾ ਲਈ ਖਤਰੇ ਪੈਦਾ ਹੁੰਦੇ ਹਨ।
ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਖੋਜਾਂ ਦਰਸਾਉਂਦੀਆਂ ਹਨ ਕਿ ਕਿਵੇਂ ਜਲਵਾਯੂ ਤਬਦੀਲੀ ਅਤੇ ਸਖ਼ਤ ਮੌਸਮੀ ਹਾਲਾਤ ਨੇ ਖੇਤੀ ਵਾਤਾਵਰਣ ਪ੍ਰਣਾਲੀਆਂ ਨੂੰ ਅਚਾਨਕ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਦੀਨਾਂ ਦੀਆਂ ਇਨ੍ਹਾਂ ਕਿਸਮਾਂ ਦੀ ਤਾਸੀਰ ਅਤੇ ਵਾਤਾਵਰਣ ਉੱਪਰ ਪ੍ਰਭਾਵ ਬਾਰੇ ਕੋਈ ਅਨੁਭਵ ਨਹੀਂ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਤੋਂ ਪਹਿਲਾਂ ਕਿ ਇਹ ਮਜ਼ਬੂਤੀ ਨਾਲ ਸਥਾਪਿਤ ਹੋ ਜਾਣ ਅਤੇ ਫਸਲ ਉਤਪਾਦਨ, ਜੈਵ ਵਿਭਿੰਨਤਾ ਅਤੇ ਵਾਤਾਵਰਣ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ ਇਨ੍ਹਾਂ ਦੀ ਰੋਕਥਾਮ ਦੇ ਉਪਾਅ ਕਰਨੇ ਲਾਜ਼ਮੀ ਹਨ, ਅਤੇ ਪੀ ਏ ਯੂ ਦੇ ਵਿਗਿਆਨੀ ਇਸ ਦਿਸ਼ਾ ਵਿਚ ਨਿਰੰਤਰ ਕਾਰਜਸ਼ੀਲ ਹਨ।
ਡਾ. ਗੋਸਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਖੇਤੀ ਜੈਵ ਭਿੰਨਤਾ ਦੀ ਰੱਖਿਆ ਲਈ ਕਿਸਾਨਾਂ, ਵਿਗਿਆਨੀਆਂ, ਪਸਾਰ ਕਰਮੀਆਂ ਅਤੇ ਹੋਰ ਹਿੱਸੇਦਾਰਾਂ ਦੇ ਸਹਿਯੋਗ ਦੀ ਲੋੜ ਹੈ . ਸਰਵੇਖਣ ਦੇ ਵਿਹਾਰਕ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਪੀ ਏ ਯੂ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਲਾਹ ਦਿੱਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਅਨਜਾਣ ਪੌਦਿਆਂ ਦੀਆਂ ਕਿਸਮਾਂ ਜਾਂ ਵੱਖਰੇ ਨਦੀਨਾਂ ਦੇ ਹਮਲੇ ਬਾਰੇ ਪੀ ਏ ਯੂ ਮਾਹਿਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ , ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਆਗਾਹ ਕਰਨ ਤਾਂ ਜੋ ਸ਼ੁਰੂਆਤੀ ਪੜਾਅ 'ਤੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ।
- Download Babushahi App
-
-