ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਭਾਜਪਾ ਵਲੋਂ ਪੰਜਾਬ ਭਰ 'ਚ 36 ਥਾਵਾਂ ਦੇ ਰੋਸ ਮੁਜ਼ਾਹਰੇ
ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਡੀਸੀਜ਼ ਰਾਹੀਂ ਰਾਜਪਾਲ ਨੂੰ ਭੇਜੇ ਮੰਗ ਪੱਤਰ
ਚੰਡੀਗੜ੍ਹ, 14 ਅਕਤੂਬਰ 2026- ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਲਾਈਵ ਦੌਰਾਨ ਕੀਤੇ ਗਏ ਕਤਲ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਭਰ ਵਿੱਚ ਸੜਕਾਂ ਉੱਤੇ ਉਤਰੀ। ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਦੇ ਦੱਸਿਆ ਕਿ ਪਾਰਟੀ ਵੱਲੋਂ ਸੂਬੇ ਦੇ 36 ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ-ਪ੍ਰਦਰਸ਼ਨ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਾਂ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਭੇਜੇ ਗਏ । ਇਨ੍ਹਾਂ ਮੰਗ ਪੱਤਰਾਂ ਵਿੱਚ ਭਾਜਪਾ ਨੇ ਇਸ ਕਤਲ ਕਾਂਡ ਦੀ ਨਿਰਪੱਖ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਭਾਜਪਾ ਨੇ ਮੰਗ ਪੱਤਰ ਵਿੱਚ ਕਿਹਾ ਕਿ ਪਰਵਿੰਦਰ ਸਿੰਘ ਲੰਬੇ ਸਮੇਂ ਤੋਂ ਮਾਨਸਾ ਵਿੱਚ ਨਸ਼ਾ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਵਿਰੁੱਧ ਆਵਾਜ਼ ਉਠਾ ਰਹੇ ਸਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਬਚਾਉਣ ਲਈ ਲਗਾਤਾਰ ਮੁਹਿੰਮ ਚਲਾਈ। 13 ਅਕਤੂਬਰ ਨੂੰ ਉਨ੍ਹਾਂ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੇ ਕਤਲ ਨੇ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਭਾਜਪਾ ਆਗੂਆਂ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਨੇ ਆਪਣੇ ਬਿਆਨ ਵਿੱਚ ਸਥਾਨਕ ਵਿਧਾਇਕ ਦਾ ਨਾਂ ਲਿਆ ਹੈ, ਜੋ ਕਿ ਬਹੁਤ ਗੰਭੀਰ ਮਾਮਲਾ ਹੈ। ਇਸ ਤੋਂ ਇਲਾਵਾ, ਚਸ਼ਮਦੀਦਾਂ ਅਨੁਸਾਰ ਹਮਲਾਵਰ ਨੇ ਗੋਲੀ ਚਲਾਉਣ ਤੋਂ ਠੀਕ ਪਹਿਲਾਂ ਫ਼ੋਨ ’ਤੇ ਕਿਸੇ ਨਾਲ ਗੱਲਬਾਤ ਕੀਤੀ ਸੀ। ਅਜਿਹੇ ਵਿੱਚ ਇਹ ਕਤਲ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਪਾਰਟੀ ਨੇ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉਠਾਏ ਅਤੇ ਮੰਗ ਕੀਤੀ ਕਿ ਇਸ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਭਾਜਪਾ ਨੇ ਰਾਜਪਾਲ ਤੋਂ ਪੰਜ ਮੰਗਾਂ ਕੀਤੀਆਂ ਹਨ-
1. ਸੀਬੀਆਈ ਜਾਂਚ: ਇਸ ਕਤਲ ਕਾਂਡ ਦੀ ਜਾਂਚ ਤੁਰੰਤ ਸੀਬੀਆਈ ਨੂੰ ਸੌਂਪੀ ਜਾਵੇ।
2. ਡਿਜੀਟਲ ਸਬੂਤ ਸੁਰੱਖਿਅਤ ਕੀਤੇ ਜਾਣ: ਹਮਲਾਵਰ ਦੇ ਕਾਲ ਰਿਕਾਰਡ, ਵਟਸਐਪ ਚੈਟ, ਸੀਸੀਟੀਵੀ ਫੁਟੇਜ ਅਤੇ ਫੇਸਬੁੱਕ ਲਾਈਵ ਸਟ੍ਰੀਮ ਸਮੇਤ ਸਾਰੇ ਡਿਜੀਟਲ ਸਬੂਤ ਤੁਰੰਤ ਸੁਰੱਖਿਅਤ ਕੀਤੇ ਜਾਣ।
3. ਪੀੜਤ ਪਰਿਵਾਰ ਨੂੰ ਸੁਰੱਖਿਆ: ਪੀੜਤ ਪਰਿਵਾਰ, ਖ਼ਾਸ ਕਰਕੇ ਨਾਬਾਲਗ ਬੱਚਿਆਂ ਨੂੰ ਤੁਰੰਤ ਪੁਲਿਸ ਸੁਰੱਖਿਆ ਦਿੱਤੀ ਜਾਵੇ।
4. ਨਸ਼ਾ ਤਸਕਰੀ ਦੇ ਨੈੱਟਵਰਕ ਦੀ ਜਾਂਚ: ਪੰਜਾਬ ਵਿੱਚ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਇਸ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
5. ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ: ਇਸ ਅਪਰਾਧ ਵਿੱਚ ਸ਼ਾਮਲ ਹਰ ਵਿਅਕਤੀ ਵਿਰੁੱਧ ਬਿਨਾਂ ਕਿਸੇ ਸਿਆਸੀ ਦਬਾਅ ਦੇ ਸਖ਼ਤ ਕਾਰਵਾਈ ਕੀਤੀ ਜਾਵੇ।
ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਦਾ ਸਭ ਤੋਂ ਵੱਡਾ ਸਬੂਤ ਹੈ ਇਹ ਕਤਲ ਕਾਂਡ: ਭਾਜਪਾ
ਭਾਜਪਾ ਨੇ ਇਸ ਕਤਲ ਕਾਂਡ ਨੂੰ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਅਤੇ ਨਸ਼ਾ ਤਸਕਰੀ ਦੇ ਗੱਠਜੋੜ ਦਾ ਸਭ ਤੋਂ ਵੱਡਾ ਸਬੂਤ ਦੱਸਿਆ। ਪਾਰਟੀ ਦਾ ਦੋਸ਼ ਹੈ ਕਿ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਨੂੰ ਸ਼ਰੇਆਮ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ।
ਪਾਰਟੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀ ਦੀ ਹੱਤਿਆ ਲੋਕਤੰਤਰ ’ਤੇ ਹਮਲਾ ਹੈ। ਰਾਜਪਾਲ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਸੂਬੇ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕਰਵਾਉਣਾ ਚਾਹੀਦਾ ਹੈ।
- Download Babushahi App
-
-