ਨਿੱਘੀ ਯਾਦ 'ਚ ਸਮਾਗਮ 'ਤੇ ਵਿਸ਼ੇਸ਼: ਸਿੱਖੀ ਪ੍ਰੇਮ 'ਚ ਰੰਗੀ ਰੱਬੀ ਰੂਹ ਭਾਈ ਹਰਪਾਲ ਸਿੰਘ ਲੱਖਾ
ਚੰਡੀਗੜ੍ਹ, 6 ਫਰਵਰੀ 2026-
ਸਿੱਖ ਵਿਦਵਾਨ ਭਾਈ ਹਰਪਾਲ ਸਿੰਘ ਲੱਖਾ ਗੁਰਬਾਣੀ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ ਲਈ ਦੇਸ-ਵਿਦੇਸ਼ 'ਚ ਵਡਮੁੱਲੀ ਸੇਵਾ ਨਿਭਾਉਣ ਵਾਲੀ ਉਘੀ ਸ਼ਖ਼ਸੀਅਤ ਸਨ। ਉਹਨਾਂ ਜਿੱਥੇ 1960ਵਿਆਂ ਤੋਂ ਲੈ ਕੇ ਲਗਾਤਾਰ ਗੁਰਮੁਖੀ ਸਹਿਤ ਦੀ ਸਿਰਜਨਾ ਕੀਤੀ, ਉਥੇ ਅਨੇਕਾਂ ਵਿਦਿਆਰਥੀਆਂ ਨੂੰ ਗੁਰਬਾਣੀ ਪਾਠ ਬੋਧ, ਸੰਥਿਆ ਅਤੇ ਕਥਾ ਵਾਰਤਾ ਦੀ ਸਿੱਖਿਆ ਵੀ ਦਿਤੀ। ਭਾਈ ਹਰਪਾਲ ਸਿੰਘ ਦਾ ਜਨਮ 6 ਫਰਵਰੀ ਨੂੰ ਸ. ਸਦਾਗਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਲੱਖਾ, ਜਿਲਾ ਲੁਧਿਆਣਾ ਵਿਖੇ ਹੋਇਆ।
ਕਿਸਾਨੀ ਜੀਵਨ ਦੇ ਨਾਲ-ਨਾਲ ਸਿੱਖੀ ਦੀ ਅਥਾਹ ਲਗਨ 'ਤੇ ਚਲਦਿਆਂ ਆਪ ਪੰਜਾਬ ਤੋਂ ਲੈ ਕੇ ਭਾਰਤ ਅਤੇ ਫਿਰ ਵਿਦੇਸ਼ ਵਿੱਚ ਪੰਥਕ ਸੇਵਾਵਾਂ ਨੂੰ ਸਮਰਪਿਤ ਰਹੇ। 1960 'ਚ ਮੱਧ ਪ੍ਰਦੇਸ਼ 1970 'ਚ ਮਾਲਵੇ ਦੇ ਇਲਾਕਿਆਂ ਅਤੇ 1980 ਤੋਂ ਜਲੰਧਰ ਵਿਖੇ ਅਤੇ 1990 ਤੋਂ ਸਿੰਘਾਪੁਰ ਵਿਖੇ ਗੁਰਮਤਿ ਵਿਦਿਆ ਰਾਹੀਂ, ਨੌਜਵਾਨ ਪੀੜੀ ਨੂੰ ਸਿੱਖੀ ਅਤੇ ਗੁਰਮੁਖੀ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ। ਜਲੰਧਰ ਰਹਿੰਦਿਆਂ ਆਪ ਨੇ ਲੰਮਾ ਸਮਾਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਅਤੇ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੈਡ ਗ੍ਰੰਥੀ ਦੀ ਸੇਵਾ ਨਿਭਾਈ।
ਭਾਈ ਹਰਪਾਲ ਸਿੰਘ ਲੱਖਾ ਪਿਛਲੇ 22 ਸਾਲ ਤੋਂ ਕੈਨੇਡਾ ਵਿੱਚ ਰਹਿੰਦਿਆਂ ਨੌਜਵਾਨਾਂ ਨੂੰ ਸਿੱਖ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੇ ਯਤਨਸ਼ੀਲ ਰਹੇ। ਕੈਨੇਡਾ ਵਿੱਚ ਆਪ ਦੇ ਸਪੁੱਤਰ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਨੂੰ ਸਮਰਪਿਤ ਡਾ ਗੁਰਵਿੰਦਰ ਸਿੰਘ ਧਾਲੀਵਾਲ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਤੇ ਪ੍ਰਧਾਨ ਹਨ, ਜਦ ਕਿ ਦੂਜੇ ਸਪੁੱਤਰ ਅਮਰਜੀਤ ਸਿੰਘ ਧਾਲੀਵਾਲ ਖਾਲਸਾ ਕਾਲਜ ਇਸਤਰੀਆਂ ਜਲੰਧਰ ਵਿਖੇ ਸੁਪਰਡੈਂਟ ਦੀ ਸੇਵਾ ਨਿਭਾ ਰਹੇ ਹਨ। ਵੱਡੇ ਸਪੁੱਤਰ ਜੱਦੀ ਪਿੰਡ ਲੱਖਾ ਵਿਖੇ ਖੇਤੀ ਅਤੇ ਕਾਰੋਬਾਰ ਕਰਦੇ ਹਨ।
ਭਾਈ ਹਰਪਾਲ ਸਿੰਘ ਲੱਖਾ ਕਰੀਬ 85 ਸਾਲ ਦੀ ਉਮਰ ਚ 11 ਜਨਵਰੀ 2025 ਨੂੰ ਐਬਸਫੋਰਡ ਬੀਸੀ, ਕੈਨੇਡਾ ਵਿਖੇ ਗੁਰਪੁਰੀ ਪਿਆਨਾ ਕਰ ਗਏ ਸਨ, ਜਿੰਨਾ ਦੇ ਨਿੱਘੀ ਯਾਦ ਵਿੱਚ ਧਾਲੀਵਾਲ ਪਰਿਵਾਰ ਅਤੇ ਸਮੂਹ ਸ਼ਗਿਰਦਾਂ ਵੱਲੋਂ 9 ਫਰਵਰੀ, ਦਿਨ ਸੋਮਵਾਰ ਨੂੰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਰਤਨ ਅਤੇ ਗੁਰਮਤਿ ਵਿਚਾਰ ਸਮਾਗਮ ਰੱਖੇ ਗਏ ਹਨ। ਇਸ ਮੌਕੇ 'ਤੇ ਹੋਰਨਾਂ ਸ਼ਖਸੀਅਤਾਂ ਤੋਂ ਇਲਾਵਾ, ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ, ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਉਣਗੇ ਅਤੇ ਭਾਈ ਹਰਪਾਲ ਸਿੰਘ ਲੱਖਾ ਦੀਆਂ ਪੰਥਕ ਸੇਵਾਵਾਂ ਬਾਰੇ ਚਾਨਣਾ ਪਾਉਣਗੇ।