ਨਾਟਕ 'ਬੈਟਰ ਹਾਫ’ ਨੇ ਪਿਆਰ, ਵਿਛੋੜੇ ਤੇ ਯਾਦਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ
ਚੇਤਨਾ ਰੰਗ ਸਮੂਹ ਭੋਪਾਲ ਨੇ ਪੇਸ਼ ਕੀਤਾ ਪ੍ਰਭਾਵਸ਼ਾਲੀ ਨਾਟਕ
ਅਸ਼ੋਕ ਵਰਮਾ
ਬਠਿੰਡਾ, 3 ਅਕਤੂਬਰ 2026 :ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਸੱਤਵੀਂ ਰਾਤ ਚੇਤਨਾ ਰੰਗ ਸਮੂਹ, ਭੋਪਾਲ ਵੱਲੋਂ ਆਸ਼ੀਸ਼ ਸ਼੍ਰੀਵਾਸਤਵ ਦੁਆਰਾ ਲਿਖੇ ਅਤੇ ਨਿਰਦੇਸ਼ਿਤ ਹਿੰਦੀ ਨਾਟਕ ‘ਬੈਟਰ ਹਾਫ’ ਦਾ ਮੰਚਨ ਕੀਤਾ ਗਿਆ। ਪਿਆਰ, ਵਿਆਹੁਤਾ ਜੀਵਨ, ਵਿਛੋੜੇ ਅਤੇ ਮਨੁੱਖੀ ਸੰਵੇਦਨਾਵਾਂ ’ਤੇ ਆਧਾਰਿਤ ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਭਾਵਨਾਤਮਕ ਤੌਰ ’ਤੇ ਜੋੜੀ ਰੱਖਿਆ। ਕਈ ਦ੍ਰਿਸ਼ਾਂ ਦੌਰਾਨ ਆਡੀਟੋਰੀਅਮ ਵਿੱਚ ਡੂੰਘੀ ਖਾਮੋਸ਼ੀ ਛਾਈ ਰਹੀ, ਜਦਕਿ ਪ੍ਰਭਾਵਸ਼ਾਲੀ ਸੰਵਾਦਾਂ ਅਤੇ ਅਦਾਕਾਰੀ ’ਤੇ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ।ਨਾਟਕ ਦੀ ਕਹਾਣੀ ਕਰੀਬ 30 ਸਾਲਾਂ ਤੋਂ ਵਿਆਹੇ ਜੀਵਨ ਵਿੱਚ ਰਹਿ ਰਹੇ ਪ੍ਰਸ਼ਾਂਤ ਅਤੇ ਸੁਧਾ ਚੈਟਰਜੀ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵਾਂ ਵਿਚਕਾਰ ਡੂੰਘਾ ਪਿਆਰ ਹੈ, ਪਰ ਇੱਕ ਛੋਟੇ ਜਿਹੇ ਆਪ੍ਰੇਸ਼ਨ ਦੌਰਾਨ ਸੁਧਾ ਦੀ ਅਚਾਨਕ ਮੌਤ ਹੋ ਜਾਂਦੀ ਹੈ।
ਪਤਨੀ ਦੀ ਮੌਤ ਨਾਲ ਟੁੱਟਿਆ ਪ੍ਰਸ਼ਾਂਤ ਹਸਪਤਾਲ ਖ਼ਿਲਾਫ਼ ਕਾਨੂੰਨੀ ਲੜਾਈ ਸ਼ੁਰੂ ਕਰ ਦਿੰਦਾ ਹੈ। ਇਸੇ ਦੌਰਾਨ ਸੁਧਾ ਦੀਆਂ ਯਾਦਾਂ ਉਸਦੀ ਜ਼ਿੰਦਗੀ ’ਤੇ ਇਸ ਕਦਰ ਹਾਵੀ ਹੋ ਜਾਂਦੀਆਂ ਹਨ ਕਿ ਉਸਨੂੰ ਆਪਣੀ ਪਤਨੀ ਆਪਣੇ ਆਲੇ-ਦੁਆਲੇ ਮੌਜੂਦ ਮਹਿਸੂਸ ਹੁੰਦੀ ਹੈ।ਅਸਲੀਅਤ ਅਤੇ ਯਾਦਾਂ ਦੇ ਵਿਚਕਾਰ ਬੁਣੀ ਗਈ ਕਹਾਣੀ ਪ੍ਰਸ਼ਾਂਤ ਦੇ ਇਕੱਲੇਪਣ ਅਤੇ ਸੁਧਾ ਪ੍ਰਤੀ ਉਸਦੇ ਅਟੁੱਟ ਪਿਆਰ ਨੂੰ ਸਾਹਮਣੇ ਲਿਆਉਂਦੀ ਹੈ। ਅੰਤ ਵਿੱਚ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਮਿਲੀ ਮੁਆਵਜ਼ੇ ਦੀ ਰਕਮ ਉਹ ਲੋੜਵੰਦਾਂ ਵਿੱਚ ਵੰਡ ਦਿੰਦਾ ਹੈ। ਕਲਾਕਾਰਾਂ ਦੀ ਭਾਵਪੂਰਨ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਨ ਨੇ ਪੇਸ਼ਕਾਰੀ ਨੂੰ ਸੰਵੇਦਨਸ਼ੀਲ ਬਣਾ ਦਿੱਤਾ। ਵਿਛੋੜੇ ਦੇ ਦ੍ਰਿਸ਼ਾਂ ਦੌਰਾਨ ਦਰਸ਼ਕ ਭਾਵੁਕ ਨਜ਼ਰ ਆਏ, ਜਦਕਿ ਸੰਵਾਦਾਂ ’ਤੇ ਜ਼ੋਰਦਾਰ ਤਾੜੀਆਂ ਵੱਜੀਆਂ।
ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਮਾਤਾ ਬਬੀਤਾ ਮਹਿਤਾ, ਡਾ. ਪੂਜਾ ਗੁਪਤਾ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸਰਪਰਸਤ ਸੁਦਰਸ਼ਨ ਗੁਪਤਾ ਵੀ ਮੌਜੂਦ ਸਨ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਮੇਅਰ ਪਦਮਜੀਤ ਨੇ ਕਿਹਾ ਕਿ ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਬਠਿੰਡਾ ਵਿੱਚ ਰੰਗਮੰਚ ਦੀ ਸੰਸਕ੍ਰਿਤੀ ਨੂੰ ਸਥਾਪਿਤ ਕਰਨ ਅਤੇ ਇਸਨੂੰ ਲਗਾਤਾਰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੰਗਮੰਚ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ (ਐਨਐਸਡੀ), ਦਿੱਲੀ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦੀ ਫੈਕਲਟੀ ਨੂੰ ਬਠਿੰਡਾ ਸੱਦਿਆ ਜਾ ਸਕੇ। ਐਨਐਸਡੀ ਦੀ ਫੈਕਲਟੀ ਦੇ ਬਠਿੰਡਾ ਆਉਣ ਨਾਲ ਸ਼ਹਿਰ ਵਿੱਚ ਰੰਗਮੰਚ ਦੀਆਂ ਗਤੀਵਿਧੀਆਂ ਨੂੰ ਹੋਰ ਵਿਸਥਾਰ ਮਿਲੇਗਾ।
ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਕਿਹਾ ਕਿ ਉਹ ਸਵਰਗੀ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਨਾਟਕ ਵਿਧਾ ਨੂੰ ਜ਼ਿੰਦਾ ਰੱਖਣ ਦੀ ਮਸ਼ਾਲ ਲੈ ਕੇ ਅੱਗੇ ਵਧ ਰਹੇ ਹਨ। ਉਨ੍ਹਾਂ ਦਾ ਯਤਨ ਸਿਰਫ਼ ਰੰਗਮੰਚ ਦੀ ਪਰੰਪਰਾ ਨੂੰ ਕਾਇਮ ਰੱਖਣਾ ਹੀ ਨਹੀਂ, ਸਗੋਂ ਇਸਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਹੋਏ ਲਗਾਤਾਰ ਵਿਸਥਾਰ ਦੇਣਾ ਵੀ ਹੈ।ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਸ਼ਾਨਦਾਰ ਬਲਵੰਤ ਗਾਰਗੀ ਆਡੀਟੋਰੀਅਮ ਦਾ ਨਿਰਮਾਣ ਕੀਰਤੀ ਕਿਰਪਾਲ ਦੀ ਮਹੱਤਵਪੂਰਨ ਦੇਣ ਹੈ। ਹੁਣ ਇਸ ਦੀ ਦੇਖਭਾਲ ਅਤੇ ਸੰਭਾਲ ਕਰਨਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਮੇਅਰ ਪਦਮਜੀਤ ਮਹਿਤਾ ਤੋਂ ਆਡੀਟੋਰੀਅਮ ਦੀ ਸਾਂਭ-ਸੰਭਾਲ ਲਈ ਇੱਕ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ, ਤਾਂ ਜੋ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਦੀ ਦੇਖਭਾਲ ਨੂੰ ਵਿਵਸਥਿਤ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। ਡਾ. ਕਸ਼ਿਸ਼ ਗੁਪਤਾ ਨੇ ਆਪਣੀ ਤਰਫ਼ੋਂ ਆਡੀਟੋਰੀਅਮ ਦੀ ਸਾਂਭ-ਸੰਭਾਲ ਲਈ ਹਰ ਸਾਲ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਜਿਸ ਨਾਲ ਆਡੀਟੋਰੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ।
- Download Babushahi App
-
-