ਦਸ਼ਮ ਪਿਤਾ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਰੂਹਾਨੀ ਕੀਰਤਨ ਸਮਾਗਮ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 11 ਜਨਵਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਸ਼ਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਰਾਮਗੜ੍ਹੀਆ ਸੁਧਾਰ ਸਭਾ ਵੱਲੋਂ ਗੁਰਦੁਆਰਾ ਰਾਮਗੜ੍ਹੀਆ, ਸ਼ਿਵ ਨਗਰ ਵਿਖੇ ਇਕ ਵਿਸ਼ੇਸ਼ ਤੇ ਰੂਹਾਨੀ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪਵਿੱਤਰ ਸਮਾਗਮ ਦੌਰਾਨ ਗੁਰਬਾਣੀ ਦੇ ਅੰਮ੍ਰਿਤ ਰਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗੁਰੂ ਸਾਹਿਬ ਦੀ ਮਹਾਨ ਜੀਵਨ ਦਰਸ਼ਨ ਤੇ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲਾਕਾ ਮੈਂਬਰ ਸ. ਰਮਨਦੀਪ ਸਿੰਘ ਥਾਪਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰ ਕੇ ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸੰਗਤਾਂ ਵੱਲੋਂ ਬੇਹੱਦ ਸ਼ਰਧਾ, ਉਤਸ਼ਾਹ ਅਤੇ ਸਹਿਯੋਗ ਦੇ ਦਰਸ਼ਨ ਹੋਏ, ਜਿਸ ਨਾਲ ਸਮੂਹ ਵਾਤਾਵਰਣ ਰੂਹਾਨੀ ਰੰਗ ਵਿੱਚ ਰੰਗਿਆ ਨਜ਼ਰ ਆਇਆ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਸ ਮੌਕੇ ਪ੍ਰਬੰਧਕ ਸਾਹਿਬਾਨਾਂ ਅਤੇ ਗੁਰੂ ਦੀ ਪਿਆਰੀ ਸੰਗਤ ਵੱਲੋਂ ਮਿਲੇ ਅਥਾਹ ਪਿਆਰ, ਸਤਿਕਾਰ ਅਤੇ ਸਨਮਾਨ ਲਈ ਦਿਲੋਂ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਰੂਹਾਨੀ ਸਮਾਗਮ ਸਿੱਖ ਕੌਮ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ ਅਤੇ ਆਪਸੀ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ।