ਤਰਨ ਤਾਰਨ: ਸੂਏ ਦਾ ਮੋਗਾ ਟੁੱਟਿਆ: 150 ਏਕੜ ਝੋਨੇ ਦੀ ਫਸਲ ਤੇ ਪਨੀਰੀ ਪਾਣੀ ‘ਚ ਡੁੱਬੀ
ਗੁੱਸੇ ‘ਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ
Baljit Singh/ਬਾਬੂਸ਼ਾਹੀ ਬਿਊਰੋ
ਪੱਟੀ/ਤਰਨ ਤਾਰਨ, 12 ਜੂਨ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਜੰਡ ਮਾਹਣੇ ਕੇ ਅਤੇ ਮਾਣ ਪਿੰਡ ਦੇ ਨਜ਼ਦੀਕ ਨਹਿਰੀ ਮਹਿਕਮੇ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਤਲਵੰਡੀ ਚਾਣ ਚੱਕ ਦੇ ਨਜ਼ਦੀਕ ਸੂਏ ਦੇ ਕੰਢੇ ‘ਤੇ ਬਣਿਆ ਨਹਿਰੀ ਪਾਣੀ ਵਾਲਾ ਮੋਗਾ ਅਚਾਨਕ ਟੁੱਟਣ ਕਾਰਨ ਵੱਡੇ ਪੱਧਰ ‘ਤੇ ਪਾਣੀ ਖੇਤਾਂ ਵਿੱਚ ਭਰ ਗਿਆ ਹੈ। ਇਸ ਹਾਦਸੇ ਕਾਰਨ ਪਿੰਡ ਜੰਡ ਮਾਹਣੇ ਕੇ ਅਤੇ ਮਾਣ ਪਿੰਡ ਦੇ ਕਿਸਾਨਾਂ ਦੀ ਤਕਰੀਬਨ 150 ਏਕੜ ਦੇ ਕਰੀਬ ਝੋਨੇ ਦੀ ਲੱਗੀ ਹੋਈ ਫਸਲ, ਝੋਨੇ ਦੀ ਪਨੀਰੀ ਅਤੇ ਪਸ਼ੂਆਂ ਦਾ ਹਰਾ ਚਾਰਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਕੇ ਖ਼ਰਾਬ ਹੋ ਗਿਆ ਹੈ। ਫਸਲਾਂ ਦੇ ਹੋਏ ਇਸ ਭਾਰੀ ਨੁਕਸਾਨ ਤੋਂ ਗੁੱਸੇ ਵਿੱਚ ਆਏ ਪੀੜਤ ਕਿਸਾਨਾਂ ਨੇ ਇੱਕਠੇ ਹੋ ਕੇ ਨਹਿਰ ਮਹਿਕਮੇ ਅਤੇ ਪੰਜਾਬ ਸਰਕਾਰ (Punjab Government) ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਮੌਕੇ ‘ਤੇ ਮੌਜੂਦ ਪੀੜਤ ਕਿਸਾਨ ਕਰਨੈਲ ਸਿੰਘ, ਗੁਰਭੇਜ ਸਿੰਘ ਅਤੇ ਰਵੇਲ ਸਿੰਘ ਨੇ ਭਰੇ ਮਨ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਤਲਵੰਡੀ ਚਾਨ ਚੱਕ ਦੇ ਨਜ਼ਦੀਕ ਪੰਜਾਬ ਸਰਕਾਰ ਵੱਲੋਂ ਜੋ ਨਵਾਂ ਸੂਆ ਬਣਾਇਆ ਗਿਆ ਹੈ, ਉਸ ਵਿੱਚ ਪਿੱਛੋਂ ਪਾਣੀ ਦਾ ਪੱਧਰ ਜ਼ਿਆਦਾ ਆ ਜਾਣ ਕਾਰਨ ਸੂਏ ਦੇ ਨਾਲ ਖਾਲਾਂ ਵਿੱਚ ਜਾਣ ਵਾਲੇ ਪਾਣੀ ਦਾ ਮੋਗਾ ਹੜ੍ਹ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ। ਕਿਸਾਨਾਂ ਮੁਤਾਬਕ ਇਹ ਮੋਗਾ ਪਿਛਲੇ ਦੋ ਦਿਨਾਂ ਤੋਂ ਟੁੱਟਾ ਹੋਇਆ ਹੈ ਅਤੇ ਘਟਨਾ ਵਾਲੀ ਜਗ੍ਹਾ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਤੱਕ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਸ ਨੇ ਦੇਖਦਿਆਂ ਹੀ ਦੇਖਦਿਆਂ 150 ਏਕੜ ਤੋਂ ਵੱਧ ਉਪਜਾਊ ਜ਼ਮੀਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਖੇਤਾਂ ਵਿੱਚ ਲਗਾਇਆ ਹੋਇਆ ਝੋਨਾ ਅਤੇ ਅੱਗੇ ਲਗਾਉਣ ਲਈ ਤਿਆਰ ਕੀਤੀ ਗਈ ਕੀਮਤੀ ਪਨੀਰੀ ਪਾਣੀ ਦੀ ਮਾਰ ਹੇਠ ਆ ਕੇ ਨਸ਼ਟ ਹੋ ਗਈ ਹੈ। ਇੱਥੋਂ ਤੱਕ ਕਿ ਹੁਣ ਇਹ ਨਹਿਰੀ ਪਾਣੀ ਖੇਤਾਂ ਨੂੰ ਪਾਰ ਕਰਕੇ ਲੋਕਾਂ ਦੇ ਘਰਾਂ ਵੱਲ ਵਧ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮੋਗਾ ਟੁੱਟਣ ਦੀ ਸੂਚਨਾ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ ਸੀ, ਪਰ ਪ੍ਰਸ਼ਾਸਨ (Administration) ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪਾਣੀ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕਰਨ ਦੀ ਬਜਾਏ ਨਹਿਰ ਮਹਿਕਮੇ ਦੇ ਅਧਿਕਾਰੀ ਉਲਟਾ ਕਿਸਾਨਾਂ ਨੂੰ ਹੀ ਗਲਤ ਠਹਿਰਾ ਕੇ ਆਪਣਾ ਪੱਲਾ ਝਾੜ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਿਸ ਰਫ਼ਤਾਰ ਨਾਲ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜੇਕਰ ਇਸ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਇਲਾਕੇ ਵਿੱਚ ਕੋਈ ਵੱਡੀ ਤਬਾਹੀ ਹੋ ਸਕਦੀ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਹਿਰ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕਰਕੇ ਇਸ ਪਾਣੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈ ਕੇ ਪੀੜਤ ਕਿਸਾਨਾਂ ਨੂੰ ਤੁਰੰਤ ਬਣਦਾ ਯੋਗ ਮੁਆਵਜ਼ਾ (Compensation) ਦਿੱਤਾ ਜਾਵੇ।
- Download Babushahi App
-
-