ਡੇਢ ਮਹੀਨੇ ਤੋਂ ਨੌਜਵਾਨ ਲਾਪਤਾ, ਪਿਤਾ ਨੇ ਜਵਾਈ ਤੇ ਲਗਾਏ ਕਤਲ ਦੇ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ, 24 November 2025 : ਪੁਲਿਸ ਥਾਣਾ ਅਲੀਵਾਲ ਅਧੀਨ ਪੈਂਦੀ ਪੁਲੀਸ ਚੌਂਕੀ ਘਣੀਏ ਕੇ ਬਾਂਗਰ ਅੰਦਰ ਪੈਂਦੇ ਪਿੰਡ ਸ਼ਮਸ਼ੇਰਪੁਰ ਦਾ ਨੌਜਵਾਨ ਗੁਰਵਿੰਦਰ ਸਿੰਘ ਪਿਛਲੇ ਕਰੀਬ ਡੇਢ ਮਹੀਨੇ ਤੋਂ ਭੇਦ ਭਰੇ ਹਲਾਤਾ ਵਿੱਚ ਗਾਇਬ ਹੈ ਪਰ ਪਰਿਵਾਰ ਵੱਲੋਂ ਆਪਣੇ ਜਵਾਈ ਤੇ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 16 ਅਕਤੂਬਰ ਨੂੰ ਘਰੋਂ ਗਿਆ ਸੀ ਤੇ ਜਿਸ ਦੀ ਆਖ਼ਰੀ ਲੋਕੇਸ਼ਨ ਕਲਾਨੌਰ ਇਲਾਕੇ ਚ ਪਾਈ ਗਈ ਹੈ।ਉਨਾਂ ਦੱਸਿਆ ਕਿ ਮੇਰੀ ਪੁੱਤਰੀ ਦਾ ਵਿਆਹ ਪਿੰਡ ਬਾਗੋਵਾਣੀ ਵਾਸੀ ਪ੍ਰਭਜੋਤ ਸਿੰਘ ਨਾਲ 10 ਮਹੀਨੇ ਪਹਿਲਾਂ ਹੋਇਆ ਸੀ ਤੇ ਸਾਡਾ ਜਵਾਈ ਉਸ ਨਾਲ ਆਪਣੀ ਭੈਣ ਦੇ ਸਬੰਧ ਹੋਣ ਦਾ ਸੱਕ ਕਰਦਾ ਸੀ ਜਿਸ ਨੂੰ ਲੈ ਕੇ ਮੇਰੀ ਪੁੱਤਰੀ ਦਾ ਸਹੁਰਾ ਪਰਿਵਾਰ ਪੁੱਤਰੀ ਦੀ ਮਾਰ ਕੁਟਾਈ ਵੀ ਕਰਦੇ ਸਨ ਤੇ ਜਿਸ ਦਾ ਕਈ ਵਾਰ ਮੋਹਤਬਰ ਆਗੂਆਂ ਵੱਲੋਂ ਰਾਜੀਨਾਮਾ ਵੀ ਕਰਵਾਇਆ ਗਿਆ ਸੀ ਪਰ ਸਾਡਾ ਜਵਾਈ ਮੇਰੇ ਪੁੱਤਰ ਨਾਲ ਰੰਜਿਸ਼ ਰੱਖਦਾ ਸੀ ਤੇ 16 ਅਕਤੂਬਰ ਨੂੰ ਉਸ ਵੱਲੋਂ ਆਪਣੀ ਭੈਣ ਕੋਲੋਂ ਫੋਨ ਕਰਾਕੇ ਸਾਡੇ ਪੁੱਤਰ ਨੂੰ ਬੁਲਾਕੇ ਉਸ ਦਾ ਕਤਲ ਕਰਕੇ ਲਾਸ ਨੂੰ ਖੁਰਦ ਬੁਰਦ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਸਬੰਧੀ ਪੁਲੀਸ ਚੌਂਕੀ ਘਣੀਏ ਕੇ ਬਾਂਗਰ ਵਿਖੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ ਪਰ ਅੱਜ ਕਰੀਬ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਮੇਰੇ ਪੁੱਤਰ ਦੀ ਕੋਈ ਵੀ ਸੁਰਾਗ ਤੇ ਨਾ ਹੀ ਦੋਸੀਆਂ ਉੱਪਰ ਪੁਲਿਸ ਨੇ ਕੋਈ ਸਖਤ ਕਾਰਵਾਈ ਕੀਤੀ ਹੈ।ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਐੱਸ ਐਸ ਪੀ ਬਟਾਲਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ। ਉਨਾਂ ਕਿਹਾ ਕਿ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਚ ਪੁਲਿਸ ਚੌਂਕੀ ਘਣੀਏ ਕੇ ਬਾਂਗਰ ਦੇ ਬਾਹਰ ਧਰਨਾ ਲਾਉਣਗੇ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਚੌਂਕੀ ਘਣੀਏ ਕੇ ਬਾਂਗਰ ਦੇ ਇਂਚਾਰਜ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੁਰਵਿੰਦਰ ਸਿੰਘ ਦੇ ਪਿਤਾ ਰਤਨ ਸਿੰਘ ਦੇ ਬਿਆਨਾਂ ਦੇ ਅਧਾਰ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਨਾਂ ਵਿੱਚੋਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਲਦੀ ਹੀ ਇਸ ਕਤਲ ਕੇਸ ਦੀ ਗੁੱਥੀ ਤੋਂ ਪਰਦਾ ਚੁੱਕਿਆ ਜਾਵੇਗਾ।