ਟ੍ਰਾਈਡੈਂਟ ਮਾਮਲੇ ਦੀ ਹਾਈਕੋਰਟ 'ਚ ਬਹਿਸ ਖ਼ਤਮ, ਫ਼ੈਸਲਾ ਰਾਖਵਾਂ
Prabhjot Sidhu
ਚੰਡੀਗੜ੍ਹ, 4 ਮਈ 2026: ਪੰਜਾਬ ਦੇ ਉੱਘੇ ਉਦਯੋਗਪਤੀ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਦੀ ਕੰਪਨੀ ਟ੍ਰਾਈਡੈਂਟ ਲਿਮਟਿਡ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਵਿਚਕਾਰ ਚੱਲ ਰਿਹਾ ਕਾਨੂੰਨੀ ਵਿਵਾਦ ਹੁਣ ਫੈਸਲੇ ਦੇ ਨਜ਼ਦੀਕ ਪਹੁੰਚ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ 'ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
ਟ੍ਰਾਈਡੈਂਟ ਕੰਪਨੀ ਦੇ ਵਕੀਲਾਂ ਨੇ ਜਾਂਚ ਦੀ ਨਿਰਪੱਖਤਾ 'ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਇਸ ਵਿੱਚ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੂੰ ਸ਼ਾਮਲ ਕੀਤਾ ਜਾਵੇ। ਉਨ੍ਹਾਂ ਦਲੀਲ ਦਿੱਤੀ ਕਿ ਫੈਕਟਰੀ ਦੇ ਨਮੂਨੇ (Samples) ਜਾਂਚ ਲਈ ਪੰਜਾਬ ਤੋਂ ਬਾਹਰ ਕਿਸੇ ਸੁਤੰਤਰ ਏਜੰਸੀ ਕੋਲ ਭੇਜੇ ਜਾਣੇ ਚਾਹੀਦੇ ਹਨ ਤਾਂ ਜੋ ਪਾਰਦਰਸ਼ਤਾ ਬਣੀ ਰਹੇ।
ਪ੍ਰਦੂਸ਼ਣ ਬੋਰਡ (PPCB) ਦੇ ਵਕੀਲਾਂ ਨੇ ਪਟੀਸ਼ਨ ਦੀ ਪ੍ਰਵਾਨਗੀ 'ਤੇ ਹੀ ਸਵਾਲ ਚੁੱਕਦਿਆਂ ਕਿਹਾ ਕਿ ਇਹ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਅਧਿਕਾਰ ਖੇਤਰ ਦਾ ਹੈ। ਉਨ੍ਹਾਂ ਅਨੁਸਾਰ ਟ੍ਰਾਈਡੈਂਟ ਕੰਪਨੀ ਨੂੰ ਹਾਈ ਕੋਰਟ ਦੀ ਬਜਾਏ NGT ਕੋਲ ਜਾਣਾ ਚਾਹੀਦਾ ਸੀ।
ਇਹ ਸਾਰਾ ਮਾਮਲਾ ਬਰਨਾਲਾ ਸਥਿਤ ਟ੍ਰਾਈਡੈਂਟ ਦੇ ਯੂਨਿਟ 'ਤੇ PPCB ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਸ਼ੁਰੂ ਹੋਇਆ ਸੀ। ਟ੍ਰਾਈਡੈਂਟ ਕੰਪਨੀ ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਦੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਲੜਾਈ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਆਉਣ ਵਾਲੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ।
Click to Follow Babushahi Facebook page →