ਜ਼ੋਨ ਪੱਧਰੀ ਖੇਡਾਂ ’ਚ ਗੁਰੂ ਨਾਨਕ ਦੇਵ ਸਕੂਲ ਧਰਮਗੜ੍ਹ ਦੀ ਝੰਡੀ
ਵਰੁਣ ਨੇ ਲੰਮੀ ਛਾਲ ’ਚ ਮਾਰੀ ਬਾਜ਼ੀ, ਅਮਨ ਦੀ ਜ਼ਿਲ੍ਹਾ ਮੋਹਾਲੀ ਦੀ ਕਬੱਡੀ ਟੀਮ ’ਚ ਹੋਈ ਚੋਣ
ਮਲਕੀਤ ਸਿੰਘ ਮਲਕਪੁਰ
ਲਾਲੜੂ 26 ਸਤੰਬਰ 2026: ਲਾਲੜੂ ਵਿਖੇ ਹੋਈਆਂ ਜ਼ੋਨ ਪੱਧਰੀ ਅਥਲੈਟਿਕ ਖੇਡਾਂ ਵਿੱਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਦੌਰਾਨ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਅਮਨ ਦੀ ਸੂਬਾ ਪੱਧਰੀ ਸਕੂਲੀ ਕਬੱਡੀ ਖੇਡਾਂ ਲਈ ਜ਼ਿਲ੍ਹਾ ਮੋਹਾਲੀ ਦੀ ਟੀਮ ਵਿੱਚ ਚੋਣ ਹੋਈ ਹੈ। ਸਕੂਲ ਦੇ ਐਮ.ਡੀ. ਅਮਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਵਿਖੇ ਕਰਵਾਈਆਂ ਗਈਆਂ ਜ਼ੋਨ ਪੱਧਰੀ ਅਥਲੈਟਿਕ ਖੇਡਾਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਵਰਗ ਦੇ ਲੰਮੀ ਛਾਲ ਮੁਕਾਬਲੇ ਵਿੱਚ ਵਰੁਣ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਮੁੰਡਿਆਂ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਗੁਰਵੀਰ ਨੇ ਦੂਜਾ, 200 ਮੀਟਰ ਦੌੜ ਵਿੱਚ ਕਰਨਜੋਤ ਨੇ ਦੂਜਾ ਅਤੇ ਜਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਜਸਕਰਨ ਸਿੰਘ ਨੇ ਤੀਜਾ, ਜਦਕਿ 3000 ਮੀਟਰ ਦੌੜ ਵਿੱਚ ਸਾਹਿਲ ਨੇ ਦੂਜਾ ਸਥਾਨ ਹਾਸਲ ਕੀਤਾ। ਲੰਮੀ ਛਾਲ ਦੇ ਮੁਕਾਬਲੇ ਵਿੱਚ ਗੁਰਵੀਰ ਸਿੰਘ ਨੇ ਪਹਿਲਾ ਅਤੇ ਸਾਹਿਲ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕੀਤਾ। ਅੰਡਰ-14 ਮੁੰਡਿਆਂ ਦੇ 80 ਮੀਟਰ ਦੌੜ ਮੁਕਾਬਲੇ ਵਿੱਚ ਤਰੁਣ ਨੇ ਦੂਜਾ ਸਥਾਨ ਹਾਸਲ ਕੀਤਾ। ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਹੁਣ ਮੋਹਾਲੀ ਵਿਖੇ ਹੋਣ ਵਾਲੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ। ਇਸ ਤੋਂ ਇਲਾਵਾ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਅਮਨ ਦੀ ਸੂਬਾ ਪੱਧਰੀ ਸਕੂਲੀ ਕਬੱਡੀ ਖੇਡਾਂ ਲਈ ਜ਼ਿਲ੍ਹਾ ਮੋਹਾਲੀ ਦੀ ਟੀਮ ਵਿੱਚ ਚੋਣ ਹੋਈ ਹੈ। ਅਮਨ ਪੰਜਾਬ ਵਿੱਚ ਹੋਣ ਵਾਲੇ ਸੂਬਾ ਪੱਧਰੀ ਕਬੱਡੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੋਹਾਲੀ ਦੀ ਨੁਮਾਇੰਦਗੀ ਕਰੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਸਦਕਾ ਇਹ ਪ੍ਰਾਪਤੀਆਂ ਸੰਭਵ ਹੋਈਆਂ ਹਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
- Download Babushahi App
-
-