ਚਾਵਲਾ ਕਾਂਡ ’ਤੇ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਤੇ ਮਜੀਠੀਆ ਦੀ ਚੁੱਪੀ ’ਤੇ ਚੁੱਕੇ ਗੰਭੀਰ ਸਵਾਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 22 ਸਤੰਬਰ, 2026 : ਆਮ ਆਦਮੀ ਪਾਰਟੀ (AAP) ਪੰਜਾਬ ਦੇ ਬੁਲਾਰੇ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਵਲਾ ਸਕੈਂਡਲ/ਕਾਂਡ ਦੇ ਮੁੱਦੇ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਹਨ।
ਬਲਤੇਜ ਪੰਨੂ ਨੇ ਸਵਾਲ ਚੁੱਕਦਿਆਂ ਆਖਿਆ ਕਿ ਅਕਾਲ ਤਖ਼ਤ ਤੋਂ ਭਗੌੜੇ ਹੋਏ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਗੰਭੀਰ ਮਾਮਲੇ 'ਤੇ ਕਿਹੜੀ ਗੂਹੜੀ ਨੀਂਦ ਸੁੱਤੇ ਹੋਏ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਇਸ ਮੁੱਦੇ 'ਤੇ ਚੁੱਪੀ ਕਿਉਂ ਧਾਰੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰ ਛੋਟੇ-ਮੋਟੇ ਮੁੱਦੇ 'ਤੇ ਲਾਈਵ ਹੋ ਕੇ ਬਿਆਨਬਾਜ਼ੀ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਦੀ ਗਾਇਬੀ 'ਤੇ ਵੀ ਸਵਾਲ ਖੜ੍ਹੇ ਕੀਤੇ।
ਪੰਨੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਅਕਾਲੀ ਦਲ ਦੇ ਪ੍ਰਬੰਧਾਂ 'ਤੇ ਉਂਗਲ ਉਠਾਉਂਦਿਆਂ ਕਿਹਾ ਕਿ ਜਨਤਾ ਨੂੰ ਇਹ ਸਪੱਸ਼ਟ ਕੀਤਾ ਜਾਵੇ ਕਿ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ਦਾ ਕੰਟਰੋਲ ਅਸਲ ਵਿੱਚ ਕੌਣ ਕਰਦਾ ਹੈ। ਉਨ੍ਹਾਂ ਗੰਭੀਰ ਦੋਸ਼ ਲਗਾਉਂਦਿਆਂ ਪੁੱਛਿਆ ਕਿ ਮਹੀਨਿਆਂ ਤੱਕ ਕਿਸੇ ਔਰਤ ਨੂੰ ਸਰਾਏ ਵਿੱਚ ਕਿਸ ਦੇ ਇਸ਼ਾਰੇ 'ਤੇ, ਕਿਵੇਂ ਅਤੇ ਕਿਉਂ ਰੱਖਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਸ਼ਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਸ਼ਾਮਲ ਸਾਰੇ ਜ਼ਿੰਮੇਵਾਰ ਵਿਅਕਤੀਆਂ ਨੂੰ ਜਨਤਾ ਦੇ ਸਾਹਮਣੇ ਨੰਗਾ ਕੀਤਾ ਜਾਣਾ ਚਾਹੀਦਾ ਹੈ।
- Download Babushahi App
-
-