ਗਿਆਨੀ ਰਘਬੀਰ ਸਿੰਘ ਦਾ SGPC ਅਤੇ ਬਾਦਲਾਂ 'ਤੇ ਗੰਭੀਰ ਦੋਸ਼; ਲੰਗਰ ਦੀਆਂ ਰੋਟੀਆਂ ਤੋਂ ਲੈ ਕੇ ਜ਼ਮੀਨਾਂ ਤੱਕ 'ਚ ਹੋਇਆ ਕਰੋੜਾਂ ਦਾ ਘਪਲਾ
"2 ਦਸੰਬਰ ਦੇ ਹੁਕਮਨਾਮੇ 'ਤੇ ਰਹਾਂਗਾ ਅਟੱਲ, ਲੋੜ ਪਈ ਤਾਂ ਸੱਦਾਂਗਾ ਸਰਬੱਤ ਖਾਲਸਾ"- ਗਿਆਨੀ ਰਘਬੀਰ ਸਿੰਘ ਦਾ ਐਲਾਨ
Babushahi Network
ਅੰਮ੍ਰਿਤਸਰ 18 ਫਰਵਰੀ 2026: ਗਿਆਨੀ ਰਘਬੀਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਬਾਦਲ ਪਰਿਵਾਰ ਵਿਰੁੱਧ ਬਗਾਵਤੀ ਸੁਰ ਅਖ਼ਤਿਆਰ ਕਰ ਲਏ ਹਨ। ਉਨ੍ਹਾਂ ਨੇ ਸੰਸਥਾ ਦੇ ਅੰਦਰ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਅਤੇ ਮਾੜੇ ਵਰਤਾਰੇ ਦੀਆਂ ਪਰਤਾਂ ਖੋਲ੍ਹਦਿਆਂ ਕਈ ਵੱਡੇ ਖੁਲਾਸੇ ਕੀਤੇ।
ਗਿਆਨੀ ਰਘਬੀਰ ਸਿੰਘ ਨੇ SGPC ਦੇ ਪ੍ਰਬੰਧਾਂ 'ਤੇ ਸਿੱਧਾ ਹਮਲਾ ਕਰਦਿਆਂ ਦੋਸ਼ ਲਗਾਏ। ਉਨ੍ਹਾਂ ਦੋਸ਼ ਲਾਇਆ ਕਿ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਗੁਰੂ ਘਰਾਂ ਵਿੱਚ ਅਖੰਡ ਪਾਠ ਸਾਹਿਬ ਕਰਵਾਉਣ ਲਈ ਸ਼ਰਧਾਲੂਆਂ ਤੋਂ 5-5 ਲੱਖ ਰੁਪਏ ਤੱਕ ਦੀ ਭੇਟਾ ਮੰਗੀ ਜਾ ਰਹੀ ਹੈ, ਜੋ ਕਿ ਬੇਹੱਦ ਮੰਦਭਾਗਾ ਹੈ। ਗੁਰੂ ਘਰਾਂ ਦੀਆਂ ਕੀਮਤੀ ਜ਼ਮੀਨਾਂ ਵੇਚ-ਵੇਚ ਕੇ ਪੈਸੇ ਨਿੱਜੀ ਜੇਬਾਂ ਵਿੱਚ ਪਾਏ ਜਾ ਰਹੇ ਹਨ। ਲੰਬੇ ਸਮੇਂ ਤੋਂ ਚੱਲ ਰਹੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਮੁੜ ਚੁੱਕਦਿਆਂ ਉਨ੍ਹਾਂ ਪੁੱਛਿਆ ਕਿ ਇਹ ਸਰੂਪ ਆਖ਼ਰ ਕਿੱਥੇ ਗਏ?
ਜਥੇਦਾਰ ਨੇ ਸਪੱਸ਼ਟ ਕੀਤਾ ਕਿ ਉਹ 2 ਦਸੰਬਰ ਵਾਲੇ ਹੁਕਮਨਾਮੇ (ਜੋ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਨਾਲ ਸਬੰਧਤ ਸੀ) ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਜੇਕਰ ਪੰਥਕ ਹਿੱਤਾਂ ਲਈ ਲੋੜ ਪਈ ਤਾਂ ਉਹ ਸਰਬੱਤ ਖਾਲਸਾ ਸੱਦਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਗਿਆਨੀ ਰਘਬੀਰ ਸਿੰਘ ਨੇ ਬਾਦਲ ਪਰਿਵਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸੰਸਥਾ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਗਿਆ ਹੈ।
ਉਨ੍ਹਾਂ ਕਿਹਾ ਕਿ SGPC ਵਿੱਚ ਫੈਲੇ ਇਸ ਭ੍ਰਿਸ਼ਟਾਚਾਰ ਅਤੇ ਮਾੜੇ ਵਰਤਾਰੇ ਲਈ ਸਿੱਧੇ ਤੌਰ 'ਤੇ ਉੱਚ ਲੀਡਰਸ਼ਿਪ ਜ਼ਿੰਮੇਵਾਰ ਹੈ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿੱਚ ਭਾਜੜਾਂ ਪੈ ਗਈਆਂ ਹਨ। ਗਿਆਨੀ ਰਘਬੀਰ ਸਿੰਘ ਦਾ ਇਹ ਰੂਪ ਸਿੱਖ ਸੰਗਤ ਲਈ ਹੈਰਾਨੀਜਨਕ ਹੈ, ਕਿਉਂਕਿ ਉਨ੍ਹਾਂ ਨੇ ਸਿੱਧੇ ਤੌਰ 'ਤੇ ਸਿਸਟਮ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ।