ਵਧੀਆ ਕਾਰਗੁਜ਼ਾਰੀ ਲਈ ਸਿਹਤ ਮੰਤਰੀ ਵੱਲੋਂ ਸਿਵਲ ਸਰਜਨ ਬਠਿੰਡਾ ਨੂੰ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2026 : ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੂੰ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਮੰਤਵ ਤਹਿਤ ਜਨਵਰੀ 2026 ਤੱਕ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਸੂਬੇ ਦੇ ਸਮੂਹ ਸਿਵਲ ਸਰਜਨਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰਾਂ ਦੀ ਵਰਕਸ਼ਾਪ ਕੀਤੀ ਗਈ, ਜਿਸਦੀ ਅਗਵਾਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੁਆਰਾ ਕੀਤੀ ਗਈ।
ਵਰਕਸ਼ਾਪ ਦੌਰਾਨ ਗੈਰ ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ ਲਈ ਬੇਹਤਰ ਢੰਗ ਨਾਲ ਕੰਮ ਕਰਨ ਲਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਿਵਲ ਸਰਜਨ ਡਾ ਤਪਿੰਦਰਜੋਤ ਨੂੰ ਵਧਾਈ ਦਿੰਦਿਆਂ ਪ੍ਰਸ਼ੰਸ਼ਾ ਪੱਤਰ ਦਿੱਤਾ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਨਵਦੀਪ ਗਰੇਵਾਲ ਵੀ ਮੌਜੂਦ ਰਹੇ। ਇਸ ਸਨਮਾਨ ਸੰਬੰਧੀ ਡਾਕਟਰ ਤਪਿੰਦਰਜੋਤ ਨੇ ਕਿਹਾ ਕਿ ਵਿੰਗ ਦੇ ਸਮੂਹ ਸਟਾਫ ਦੀ ਮਿਹਨਤ ਸਦਕਾ ਹੀ ਇਹ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਿਹਤ ਸਹੂਲਤਾਂ ਹਰ ਲਾਭਪਾਤਰੀ ਨੂੰ ਦੇਣਾ ਉਨ੍ਹਾਂ ਦਾ ਮੁੱਖ ਮੰਤਵ ਹੈ।