ਖੜੀ ਟਰਾਲੀ ਵਿੱਚ ਜਾ ਵੱਜੀ ਕਾਰ, ਉੱਡੇ ਪਰਖੱਚੇ
ਕਿਸਾਨ ਆਗੂ ਚਾਰ ਚਾਰ ਦਿਨ ਤੋਂ ਇੰਤਜ਼ਾਰ ਵਿੱਚ ਖੜੇ ਟਰੱਕ ਟਰਾਲੀਆਂ ਨੂੰ ਲੈ ਕੇ ਹੋਇਆ ਸਿੱਧਾ,
ਰੋਹਿਤ ਗੁਪਤਾ
ਗੁਰਦਾਸਪੁਰ 24 ਅਪ੍ਰੈਲ 2026: ਅਕਸਰ ਝੋਨੇ ਤੇ ਕਣਕ ਦੇ ਸੀਜ਼ਨ ਵਿੱਚ ਗੁਦਾਮਾਂ ਦੇ ਬਾਹਰ ਟਰਕਾਂ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਅਤੇ ਇਹਨਾਂ ਨੂੰ ਖਾਲੀ ਹੋਣ ਵਿੱਚ ਕਈ ਕਈ ਦਿਨ ਲੱਗ ਜਾਂਦੇ ਹਨ। ਗੱਲ ਗੁਰਦਾਸਪੁਰ ਦੇ ਕਲਾਨੌਰ ਰੋਡ ਦੀ ਕਰੀਏ ਤਾਂ ਇੱਥੇ ਸਥਿਤ ਗੋਦਾਮ ਵਿੱਚ ਲੇਬਰ ਦੀ ਕਮੀ ਕਾਰਨ ਕਈ ਕਈ ਦਿਨ ਟਰੱਕ ਟਰਾਲੀਆਂ ਨੂੰ ਖੜੇ ਹੋਣਾ ਪੈਂਦਾ ਹੈ ਜਿਸ ਕਾਰਨ ਗੋਦਾਮ ਦੇ ਦੋਨਾਂ ਪਾਸੇ ਦੋ ਦੋ ਕਿਲੋਮੀਟਰ ਤੱਕ ਲੰਬੀਆਂ ਤੱਕ ਕਤਾਰਾਂ ਲੱਗ ਜਾਂਦੀਆਂ ਹਨ । ਅੱਧੀ ਸੜਕ ਘੇਰੇ ਹੋਣ ਕਾਰਨ ਇਹ ਕਤਾਰਾਂ ਦੁਰਘਟਨਾਵਾਂ ਦਾ ਵੀ ਕਾਰਨ ਬਣਦੀਆਂ ਹਨ । ਬੀਤੀ ਰਾਤ ਵੀ ਇਸੇ ਕਤਾਰ ਵਿੱਚ ਸਭ ਤੋਂ ਪਿੱਛੇ ਖੜੀ ਇੱਕ ਟਰਾਲੀ ਵਿੱਚ ਗੁਰਦਾਸਪੁਰ ਸਾਈਡ ਤੋਂ ਆ ਰਹੀ ਇੱਕ ਕਾਰ ਆ ਵੱਜੀ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।
ਉਥੇ ਹੀ ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਯੂਥ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਇੱਥੇ ਇੱਕ ਦੁਰਘਟਨਾ ਦੌਰਾਨ ਨੌਜਵਾਨ ਦੀ ਮੌਤ ਹੋਈ ਸੀ ਅਤੇ ਇਸ ਸੀਜ਼ਨ ਵਿੱਚ ਵੀ ਚਾਰ ਪੰਜ ਦਿਨਾਂ ਵਿੱਚ ਇਹ ਤਿੰਨ ਦੁਰਘਟਨਾਵਾਂ ਹੋ ਚੁੱਕੀਆਂ ਹਨ। ਬੋਰੀਆਂ ਲੱਦੇ ਟਰੱਕ ਟਰਾਲੀਆਂ ਝੋਨੇ ਅਤੇ ਕਣਕ ਦੇ ਸੀਜਨ ਵਿੱਚ ਅੱਧੀ ਸੜਕ ਘੇਰ ਕੇ ਖੜੇ ਹੁੰਦੇ ਹਨ ਕਿਉਂਕਿ ਇਹਨਾਂ ਦੀ ਪਾਰਕਿੰਗ ਦਾ ਕੋਈ ਇੰਤਜ਼ਾਮ ਨਹੀਂ ਹੈ ਅਤੇ ਲੇਬਰ ਦੀ ਕਮੀ ਹੋਣ ਕਾਰਨ ਇਹ ਗੱਡੀਆਂ ਚਾਰ ਚਾਰ ਦਿਨ ਬਾਅਦ ਖਾਲੀ ਹੁੰਦੀਆਂ ਹਨ । ਉਹਨਾਂ ਮੰਗ ਕੀਤੀ ਕਿ ਲਗਾਤਾਰ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਇੱਥੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਗੋਦਾਮ ਅਤੇ ਸੈਲਰ ਮਾਲਕ ਨੂੰ ਲੋੜ ਅਨੁਸਾਰ ਲੇਬਰ ਦਾ ਇੰਤਜ਼ਾਮ ਕਰਨ ਦੀ ਹਿਦਾਇਤ ਦਿੱਤੀ ਜਾਏ ।
Click to Follow Babushahi Facebook page →