ਕੰਚਨਪ੍ਰੀਤ ਕੌਰ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ; ਅਕਾਲੀ ਦਲ ਨੇ ਕਿਹਾ- ਸਿਆਸੀ ਰੰਜਿਸ਼ ਦਾ ਹੋਇਆ ਪਰਦਾਫਾਸ਼
ਦੋ FIR ਮਾਮਲਿਆਂ ਵਿੱਚ ਅਗਾਊਂ ਜ਼ਮਾਨਤ ਮਨਜ਼ੂਰ; ਸਰਕਾਰ ਨੇ ਅਦਾਲਤ ਵਿੱਚ ਕਿਹਾ- "ਨਹੀਂ ਕਰਨਾ ਚਾਹੁੰਦੇ ਗ੍ਰਿਫ਼ਤਾਰ"
ਚੰਡੀਗੜ੍ਹ 18 ਫਰਵਰੀ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਕੰਚਨਪ੍ਰੀਤ ਕੌਰ ਦੀ FIR ਨੰਬਰ 261 ਅਤੇ 240 ਵਿੱਚ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ 'ਤੇ ਸਿਆਸੀ ਬਦਲਾਖੋਰੀ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਸੁਣਵਾਈ ਦੌਰਾਨ ਰਾਜ ਸਰਕਾਰ ਵੱਲੋਂ ਮਾਣਯੋਗ ਅਦਾਲਤ ਵਿੱਚ ਇਹ ਸਪੱਸ਼ਟ ਬਿਆਨ ਦਿੱਤਾ ਗਿਆ ਕਿ ਉਹ FIR ਨੰਬਰ 261 ਦੇ ਮਾਮਲੇ ਵਿੱਚ ਕੰਚਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਨਹੀਂ ਕਰਨਾ ਚਾਹੁੰਦੇ। ਅਦਾਲਤ ਵਿੱਚ ਕੰਚਨਪ੍ਰੀਤ ਕੌਰ ਵੱਲੋਂ ਸੀਨੀਅਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਐਡਵੋਕੇਟ ਦਮਨਬੀਰ ਸਿੰਘ ਸੋਬਤੀ ਪੇਸ਼ ਹੋਏ, ਜਿਨ੍ਹਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਜ਼ਮਾਨਤ 'ਤੇ ਮੋਹਰ ਲਗਾਈ।
ਇਸ ਫੈਸਲੇ ਨਾਲ ਹੁਣ ਕੰਚਨਪ੍ਰੀਤ ਕੌਰ ਚੋਣਾਂ ਦੌਰਾਨ ਦਰਜ ਹੋਈਆਂ ਸਾਰੀਆਂ ਐਫ.ਆਈ.ਆਰਜ਼ ਵਿੱਚ ਜ਼ਮਾਨਤ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਰੀਆਂ ਕਾਰਵਾਈਆਂ ਸਿਰਫ਼ ਰਾਜਨੀਤਕ ਰੰਜਿਸ਼ ਦੇ ਤਹਿਤ ਕੀਤੀਆਂ ਗਈਆਂ ਸਨ। ਪਾਰਟੀ ਅਨੁਸਾਰ, ਕਿਉਂਕਿ ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਉਪ-ਚੋਣ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੀ, ਇਸ ਲਈ ਜਾਣਬੁੱਝ ਕੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਕਾਨੂੰਨੀ ਜਿੱਤ ਨੂੰ ਸ਼੍ਰੋਮਣੀ ਅਕਾਲੀ ਦਲ ਆਪਣੀ ਵੱਡੀ ਨੈਤਿਕ ਜਿੱਤ ਵਜੋਂ ਦੇਖ ਰਿਹਾ ਹੈ। ਪਾਰਟੀ ਦਾ ਕਹਿਣਾ ਹੈ ਕਿ ਅਦਾਲਤ ਵਿੱਚ ਸਰਕਾਰ ਦਾ ਇਹ ਕਹਿਣਾ ਕਿ ਉਹ ਗ੍ਰਿਫ਼ਤਾਰੀ ਨਹੀਂ ਕਰਨਾ ਚਾਹੁੰਦੇ, ਇਸ ਗੱਲ ਦਾ ਸਬੂਤ ਹੈ ਕਿ ਕੇਸ ਕਮਜ਼ੋਰ ਅਤੇ ਸਿਆਸਤ ਤੋਂ ਪ੍ਰੇਰਿਤ ਸਨ।