ਕੈਨੇਡੀਅਨ ਸਾਬਕਾ ਐਮ.ਪੀ. ਰੂਬੀ ਢਾਲਾ "ਧੀ ਪੰਜਾਬ ਦੀ" ਐਵਾਰਡ ਨਾਲ ਫਗਵਾੜਾ ਵਿਖੇ ਸਨਮਾਨਿਤ
Gurmit Palahi
ਫਗਵਾੜਾ, 1 ਦਸੰਬਰ 2025 : ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਅਤੇ ਸੰਗੀਤ ਦਰਪਨ (ਮਾਸਿਕ ਮੈਗਜ਼ੀਨ) ਵੱਲੋਂ ਕੈਨੇਡਾ ਦੀ ਸਾਬਕਾ ਐਮ.ਪੀ. ਰੂਬੀ ਢਾਲਾ ਦਾ "ਧੀ ਪੰਜਾਬ ਦੀ " ਐਵਾਰਡ ਨਾਲ ਉਹਨਾਂ ਦੀਆਂ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਲਈ ਦਿੱਤੀ ਦੇਣ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ(ਰਜਿ:) ਦੇ ਪ੍ਰਧਾਨ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਮਿਹਨਤ, ਸਿਦਕ ਦਿਲੀ ਨਾਲ ਕੰਮ ਕਰਦਿਆਂ, ਕਾਰੋਬਾਰ, ਖੇਤੀ ਅਤੇ ਇੱਥੋਂ ਤੱਕ ਕਿ ਸਿਆਸਤ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਰੂਬੀ ਢਾਲਾ ਉਹਨਾਂ ਮਹਿਲਾਵਾਂ ਵਿੱਚੋਂ ਇੱਕ ਹੈ ਜਿਹੜੀ ਲਿਬਰਲ ਪਾਰਟੀ, ਕੈਨੇਡਾ ਦੀ ਟਿਕਟ 'ਤੇ ਚਾਰ ਵੇਰ ਐਮ.ਪੀ. ਚੁਣੀ ਗਈ ਅਤੇ ਆਪਣੀ ਪਾਰਟੀ ਦੀ ਕੈਨੇਡਾ ਦੀ ਪ੍ਰਧਾਨ ਮੰਤਰੀ ਦੀ ਚੋਣ ਵੇਲੇ ਇੱਕ ਪਰਪੱਕ ਉਮੀਦਵਾਰ ਵਜੋਂ ਉਭਰੀ।
ਡਾ: ਅਕਸ਼ਿਤਾ ਗੁਪਤਾ ਆਈ.ਏ.ਐੱਸ. ਕਮਿਸ਼ਨਰ ਮਿਊਂਸੀਪਲ ਕਾਰਪੋਰਰੇਸ਼ਨ, ਫਗਵਾੜਾ ਨੇ ਰੂਬੀ ਢਾਲਾ ਨੂੰ "ਧੀ ਪੰਜਾਬ ਦੀ" ਐਵਾਰਡ ਮਿਲਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਮਹਿਲਾਵਾਂ ਦਾ ਨਾਮ ਰੌਸ਼ਨ ਕੀਤਾ ਹੈ। ਤਰਨਜੀਤ ਸਿੰਘ ਕਿੰਨੜਾ ਪ੍ਰਧਾਨ ਨੇ ਰੂਬੀ ਢਾਲਾ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਬਨਣ ਲਈ ਸ਼ਲਾਘਾ ਕੀਤੀ।
ਇਸ ਸਮੇਂ ਬੋਲਦਿਆਂ ਰੂਬੀ ਢਾਲਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਸਿਆਸਤ ਵਿੱਚ ਸਮਾਜ ਸੇਵਾ ਨੂੰ ਪਹਿਲ ਦਿੰਦਿਆਂ ਆਪਣਾ ਸਮੁੱਚਾ ਜੀਵਨ ਪੰਜਾਬੀਆਂ ਅਤੇ ਕੈਨੇਡਾ ਨਿਵਾਸੀਆਂ ਲਈ ਸਮਰਪਿਤ ਕੀਤਾ। ਉਹਨਾਂ ਕਿਹਾ ਕਿ ਉਹ ਲੋੜਵੰਦਾਂ, ਬਜ਼ੁਰਗਾਂ ਅਤੇ ਉਹਨਾਂ ਸਾਰੇ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ ਹਨ, ਜਿਹਨਾਂ ਨੂੰ ਸਮਾਜ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰਵਿੰਦਰ ਬਸਰਾ ਨੇ ਸਭ ਆਈਆਂ ਹੋਈਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਨਮਾਨ ਸਮਾਰੋਹ ਵਿੱਚ ਐਡਵੋਕੇਟ ਵਿਜੈ ਸ਼ਰਮਾ, ਐਡਵੋਕੇਟ ਐੱਸ.ਐੱਲ. ਵਿਰਦੀ, ਰਵਿੰਦਰ ਰਾਏ, ਬਲਦੇਵ ਕੋਮਲ, ਹਰੀਪਾਲ ਸਿੰਘ ਚੇਅਰਮੈਨ, ਜਗਜੀਤ ਸਿੰਘ ਜੌੜਾ, ਚੇਤਨ ਬਜਾਜ, ਸਰਬਜੀਤ ਕੰਡਾ, ਅਮਿਤ ਤਨੇਜਾ, ਕਰਨੈਲ ਸਿੰਘ, ਭੁਪਿੰਦਰ ਸਿੰਘ ਕਾਲੀ, ਰਿੰਪਲ ਪੁਰੀ, ਮਲਕੀਅਤ ਸਿੰਘ ਰਗਬੋਤਰਾ ਸ਼ਾਮਲ ਸਨ। ਰੂਬੀ ਢਾਲਾ ਨੂੰ ਸਨਮਾਨ ਚਿੰਨ੍ਹ, ਸਿਰੋਪਾ, ਪੁਸਤਕਾਂ ਦਾ ਸੈੱਟ ਦੇ ਕੇ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਵੱਲੋਂ ਸਨਮਾਨਤ ਕੀਤਾ ਗਿਆ ਜਦਕਿ ਬੰਗਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਵੀ ਰੂਬੀ ਢਾਲਾ ਦਾ ਸਨਮਾਨ ਕੀਤਾ ਗਿਆ।