ਕੈਂਸਰ ਏ ਆਈ-ਡਿਜੀਟਲ ਰਾਹੀਂ ਕੀਤੀ ਜਾ ਰਹੀ ਹੈ ਬਰੈਸਟ ਕੈਂਸਰ ਦੀ ਜਾਂਚ : ਸਿਵਲ ਸਰਜਨ
ਅਸ਼ੋਕ ਵਰਮਾ
ਬਠਿੰਡਾ,14ਅਕਤੂਬਰ2025: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਡਾ ਸੋਨੀਆ ਗੁਪਤਾ ਦੀ ਅਗਵਾਈ ਹੇਠ ਤੇ ਨੋਡਲ ਅਫ਼ਸਰ ਡਾ ਕਰਨ ਅਬਰੋਲ ਦੀ ਦੇਖ-ਰੇਖ ਹੇਠ ਸਿਵਲ ਹਸਪਤਾਲ ਦੀ ਓ.ਪੀ.ਡੀ ਵਿਖੇ ਬਰੈਸਟ ਕੈਂਸਰ ਜਾਗਰੂਕਤਾ ਮਹੀਨੇ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਕੈਂਸਰ ਦੇ ਮਾਹਿਰ ਡਾ. ਵੰਦਨਾ ਮਿੱਡਾ ਨੇ ਦੱਸਿਆ ਕਿ ਅਕਤੂਬਰ ਮਹੀਨਾ ਹਰ ਸਾਲ ਬਰੈਸਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਬਰੈਸਟ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨਾ, ਸ਼ੁਰੂਆਤੀ ਪਛਾਣ ਦੀ ਮਹੱਤਤਾ, ਉਭਾਰਨਾ ਅਤੇ ਇਲਾਜ ਲਈ ਉਪਲਬਧ ਸੁਵਿਧਾਵਾਂ ਬਾਰੇ ਜਾਣੂ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਬਰੈਸਟ ਕੈਂਸਰ ਮਹਿਲਾਵਾਂ ਵਿੱਚ ਸਭ ਤੋਂ ਆਮ ਕੈਂਸਰਾਂ ਵਿੱਚੋਂ ਇੱਕ ਹੈ। ਪੰਜਾਬ ਹੀ ਨਹੀਂ, ਸਾਰੇ ਦੇਸ਼ ਵਿੱਚ ਹਰ ਸਾਲ ਲੱਖਾਂ ਮਹਿਲਾਵਾਂ ਇਸ ਬਿਮਾਰੀ ਨਾਲ ਪੀੜਤ ਹੋ ਰਹੀਆਂ ਹਨ। ਜੇਕਰ ਇਸ ਦੀ ਪਛਾਣ ਸ਼ੁਰੂਆਤੀ ਪੜਾਅ ‘ਤੇ ਹੀ ਕਰ ਲਈ ਜਾਵੇ ਤਾਂ ਇਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਬਰੈਸਟ ਕੈਂਸਰ ਦੇ ਸ਼ੁਰੂਆਤੀ ਪੜਾਅ ‘ਚ ਛਾਤੀ ਵਿੱਚ ਗੰਢ ਜਾਂ ਸੁਜਨ ਦਾ ਅਹਿਸਾਸ, ਛਾਤੀ ਦੇ ਆਕਾਰ ਜਾਂ ਆਕਾਰ ਵਿੱਚ ਬਦਲਾਅ, ਚਮੜੀ ਦਾ ਸੁੱਕਣਾ ਜਾਂ ਖਿੱਚਣਾ, ਨਿੱਪਲ ਤੋਂ ਕਿਸੇ ਤਰ੍ਹਾਂ ਦਾ ਸ੍ਰਾਵ ਜਾਂ ਖਾਰਿਸ਼ ਦਾ ਪੈਦਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਮਹੀਨੇ ਵਿੱਚ ਇੱਕ ਵਾਰ ਸਵੈ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਅਤੇ 40 ਸਾਲ ਦੀ ਉਮਰ ਤੋਂ ਬਾਅਦ ਮੈਮੋਗ੍ਰਾਫੀ ਜਾਂਚ ਨਿਯਮਤ ਤੌਰ ‘ਤੇ ਕਰਵਾਉਣੀ ਚਾਹੀਦੀ ਹੈ।
ਡਾ. ਕਿਰਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਜਾਗਰੂਕਤਾ ਕੈਂਪ, ਸਕ੍ਰੀਨਿੰਗ ਪ੍ਰੋਗਰਾਮ ਅਤੇ ਸਲਾਹ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਜਾਂ ਘੱਟ ਦਰਾਂ ‘ਤੇ ਜਾਂਚ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਹਰੇਕ ਬੁੱਧਵਾਰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਕਮਰਾ ਨੰਬਰ 108 ਵਿਖੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਅਤੇ ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਨੇ ਮਹਿਲਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸਿਹਤ ਨੂੰ ਅਣਦੇਖਾ ਨਾ ਕਰਨ ਅਤੇ ਜੇਕਰ ਕੋਈ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣ। ਬਰੈਸਟ ਕੈਂਸਰ ਤੋਂ ਬਚਾਅ ਲਈ ਸਿਹਤਮੰਦ ਖੁਰਾਕ ਅਤੇ ਕਸਰਤ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਸਭ ਮਹਿਲਾਵਾਂ ਅਤੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਜਾਗਰੂਕਤਾ ਮਹੀਨੇ ਦੌਰਾਨ ਆਪਣੇ ਆਲੇ-ਦੁਆਲੇ ਦੀਆਂ ਮਹਿਲਾਵਾਂ ਨੂੰ ਜਾਂਚ ਲਈ ਪ੍ਰੇਰਿਤ ਕਰਨ ਅਤੇ ਬਰੈਸਟ ਕੈਂਸਰ ਵਿਰੁੱਧ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਬੀ.ਈ.ਈ ਗਗਨਦੀਪ ਸਿੰਘ ਭੁੱਲਰ, ਸੁਖਵਿੰਦਰ ਸਿੰਘ ਅਤੇ ਕਰਨ ਐਨ.ਸੀ.ਡੀ ਆਦਿ ਹਾਜ਼ਰ ਸਨ।