ਕੂੜੇ ਦੇ ਢੇਰਾਂ ਨੂੰ ਨਗਰ ਕੌਂਸਲ ਵੱਲੋਂ ਲਗਾਈ ਜਾ ਰਹੀ ਅੱਗ, ਜ਼ਹਿਰੀਲੇ ਧੂੰਏਂ ਨਾਲ ਲੋਕ ਪਰੇਸ਼ਾਨ; ਕਾਂਗਰਸੀ ਆਗੂ ਨੇ ਘੇਰੀ ਵਿਧਾਇਕਾ
ਜਗਰਾਉਂ (ਦੀਪਕ ਜੈਨ): ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਨਗਰ ਕੌਂਸਲ ਜਗਰਾਉਂ ਅਤੇ ਹਲਕਾ ਵਿਧਾਇਕ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਗਰਾਉਂ ਦੀਆਂ ਮੁੱਖ ਸੜਕਾਂ ਅਤੇ ਧਾਰਮਿਕ ਅਸਥਾਨਾਂ ਦੇ ਬਾਹਰ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੂੰ ਚੁੱਕਣ ਦੀ ਬਜਾਏ ਨਗਰ ਕੌਂਸਲ ਵੱਲੋਂ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਜਿਸ ਦੇ ਜ਼ਹਿਰੀਲੇ ਧੂੰਏਂ ਨੇ ਆਮ ਲੋਕਾਂ ਅਤੇ ਰਾਹਗੀਰਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ।
ਅੱਜ ਸਥਾਨਕ ਡਿਸਪੋਜ਼ਲ ਰੋਡ 'ਤੇ ਕੂੜੇ ਦੇ ਡੰਪ ਨੂੰ ਲੱਗੀ ਅੱਗ ਦੀਆਂ ਲਾਈਵ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦਿਆਂ ਇਲਾਕਾ ਨਿਵਾਸੀਆਂ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਨਗਰ ਕੌਂਸਲ ਅਤੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਕਾਰਗੁਜ਼ਾਰੀ 'ਤੇ ਤਿੱਖੇ ਸਵਾਲ ਚੁੱਕੇ ਹਨ।
ਮੌਕੇ ਤੋਂ ਵੀਡੀਓ ਜਾਰੀ ਕਰਦਿਆਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਉਂਦਿਆਂ ਕਿਹਾ ਕਿ ਬੀਬੀ ਮਾਣੂੰਕੇ ਪਿਛਲੇ ਦਿਨੀਂ ਹੱਥਾਂ ਵਿੱਚ ਝਾੜੂ ਫੜ ਕੇ ਪਹਿਲਾਂ ਤੋਂ ਹੀ ਸਾਫ਼-ਸੁਥਰੀਆਂ ਗਲੀਆਂ ਵਿੱਚ ਝਾੜੂ ਮਾਰਨ ਦੀ ਸਿਰਫ਼ ਡਰਾਮੇਬਾਜ਼ੀ ਕਰ ਰਹੇ ਸਨ, ਜਦਕਿ ਅਸਲੀਅਤ ਵਿੱਚ ਸ਼ਹਿਰ ਗੰਦਗੀ ਦੇ ਢੇਰਾਂ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਸਰਕਾਰ ਵੀ ਇਨ੍ਹਾਂ ਦੀ ਹੈ, ਵਿਧਾਇਕ ਵੀ ਆਪ ਹਨ ਅਤੇ ਨਗਰ ਕੌਂਸਲ ਦਾ ਪ੍ਰਧਾਨ ਵੀ ਇਨ੍ਹਾਂ ਦਾ ਆਪਣਾ ਹੈ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਜੋ ਕਿ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਹੈ।
ਸੁੱਖੀ ਨੇ ਦਿਖਾਇਆ ਕਿ ਡਿਸਪੋਜ਼ਲ ਰੋਡ 'ਤੇ ਜਿੱਥੇ ਕੂੜੇ ਦੇ ਪਹਾੜ ਲੱਗੇ ਹਨ ਅਤੇ ਅੱਗ ਲਗਾਈ ਗਈ ਹੈ, ਉਸ ਦੇ ਬਿਲਕੁਲ ਸਾਹਮਣੇ ਬਾਬਾ ਗਣੇਸ਼ਾ ਮੱਲ ਜੀ ਦੀ ਸਮਾਧ, ਦਵਾਰਕਾਧੀਸ਼ ਮੰਦਰ ਅਤੇ ਪਿੱਛੇ ਕ੍ਰਿਸ਼ਨਾ ਗਊਸ਼ਾਲਾ ਸਥਿਤ ਹੈ। ਸ਼ਰਧਾਲੂਆਂ ਅਤੇ ਰਾਹਗੀਰਾਂ ਨੂੰ ਮੂੰਹ ਢੱਕ ਕੇ ਲੰਘਣਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਿਹਤ ਨਾਲ ਖਿਲਵਾੜ ਕਰਨ ਦਾ ਹਰਜਾਨਾ ਵਿਧਾਇਕ ਅਤੇ ਪ੍ਰਸ਼ਾਸਨ ਨੂੰ ਭੁਗਤਣਾ ਪਵੇਗਾ।
ਚੋਣ ਵਾਅਦੇ ਖੋਖਲੇ, ਰੀਸਾਈਕਲਿੰਗ ਦਾ ਕੋਈ ਪ੍ਰਬੰਧ ਨਹੀਂ
ਜ਼ਿਕਰਯੋਗ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਕੌਂਸਲ ਪ੍ਰਧਾਨ ਸਮੇਤ ਜੇਤੂ ਕੌਂਸਲਰਾਂ ਨੇ ਕੂੜੇ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਪਰ ਚਾਰ ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਨਗਰ ਕੌਂਸਲ ਕੋਲ ਕੂੜਾ ਡੰਪ ਕਰਨ ਲਈ ਕੋਈ ਢੁੱਕਵੀਂ ਥਾਂ ਹੈ ਅਤੇ ਨਾ ਹੀ ਕੂੜੇ ਨੂੰ ਅਲੱਗ ਕਰਕੇ ਰੀਸਾਈਕਲ ਕਰਨ ਦਾ ਕੋਈ ਪ੍ਰਬੰਧ। ਡਿਸਪੋਜ਼ਲ ਰੋਡ ਤੋਂ ਇਲਾਵਾ ਕੋਠੇ ਪੋਨਾ ਰੋਡ, ਸਾਬਕਾ ਐਮ.ਸੀ. ਲੋਟ ਦੇ ਵਾਰਡ ਅਤੇ ਸ਼ਹਿਰ ਦੇ ਹੋਰ ਕਈ ਹਿੱਸਿਆਂ ਵਿੱਚ ਵੀ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਫੋਕੀ ਸ਼ੋਹਰਤ ਛੱਡ ਕੇ ਜਲਦ ਤੋਂ ਜਲਦ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਚੁਕਵਾਏ ਜਾਣ।
- Download Babushahi App
-
-