ਕਿਸਾਨ ਮਜ਼ਦੂਰ ਆਗੂਆਂ ਵੱਲੋਂ ਵਿਰੋਧ ਦਿਵਸ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ
ਜਾਗਰੂਕ ਲੋਕ ਕਰਨਗੇ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਜਬਰਦਸਤ ਵਿਰੋਧ।
ਮਨਪ੍ਰੀਤ ਸਿੰਘ
ਰੂਪਨਗਰ 12 ਜਨਵਰੀ
ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਪੂਰੇ ਭਾਰਤ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰ ਅੱਗੇ ਰੋਸ ਮੁਜ਼ਾਹਰੇ ਕਰਨ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਆਗੂਆਂ ਵੱਲੋਂ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਮੀਟਿੰਗਾਂ ਵਿੱਚ ਲੋਕਾਂ ਨੂੰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਜਾਗਰੂਕ ਕਰਕੇ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਪਿੰਡ ਦੁੱਗਰੀ ਵਿਖੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਇੱਕ ਭਰਵਾਂ ਇਕੱਠ ਸਰਪੰਚ ਅਵਤਾਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਸੀਨੀਅਰ ਕਿਸਾਨ ਆਗੂ ਕਾਮਰੇਡ ਦਲੀਪ ਸਿੰਘ ਘਨੌਲਾ,ਸੀਨੀਅਰ ਮਜ਼ਦੂਰ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਕਿਸਾਨ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਚੱਕਕਰਮਾਂ, ਕਾਮਰੇਡ ਭਗਤ ਸਿੰਘ ਬਿੱਕੋਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰਾਂ ਪੂੰਜੀਪਤੀਆਂ ਨੂੰ ਮੋਟੇ ਮੁਨਾਫੇ ਲੁਟਾਉਣ ਲਈ ਕਿਰਤੀ ਜਮਾਤ ਦਾ ਗਲਾ ਘੁੱਟ ਰਹੀਆਂ ਹਨ ਅਤੇ ਉਹਨਾਂ ਦੇ ਹੱਕਾਂ ਤੇ ਕੁਹਾੜਾ ਚਲਾ ਰਹੀਆਂ ਹਨ ਜਿਸ ਨਾਲ ਕਿ ਗਰੀਬ ਲੋਕਾਂ ਦਾ ਜੀਵਨ ਹੋਰ ਮੁਸ਼ਕਿਲ ਬਣਦਾ ਜਾ ਰਿਹਾ ਹੈ ਪ੍ਰੰਤੂ ਕਾਰਪੋਰੇਟ ਘਰਾਣੇ ਦੇਸ਼ ਦੇ ਸੰਸਾਧਨਾਂ ਦੀ ਅਤੇ ਕਿਰਤ ਦੀ ਅੰਨ੍ਹੀ ਲੁੱਟ ਕਰਕੇ ਮੋਟੇ ਮੁਨਾਫੇ ਕਮਾ ਰਹੇ ਹਨ ਜੋ ਕਿ ਦੇਸ਼ ਦੇ ਸੰਵਿਧਾਨ ਦੀ ਸੰਸਾਧਨਾਂ ਦੀ ਬਰਾਬਰ ਵੰਡ ਦੀ ਮੂਲ ਭਾਵਨਾ ਦੇ ਉਲਟ ਹੈ। ਉਹਨਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਜਥੇਬੰਦ ਹੋਣ ਲਈ ਕਿਹਾ।ਨਰੇਗਾ ਮੇਟ ਅਮਨਦੀਪ ਕੌਰ ਨੇ 16 ਜਨਵਰੀ ਦੇ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ।ਇਸ ਮੌਕੇ ਪੰਚ ਗੁਰਮੁਖ ਸਿੰਘ, ਕਾਲਾ ਪੰਚ, ਰਾਮ ਦਿਆਲ ਸ਼ਰਮਾਂ ਪ੍ਰਧਾਨ ਪੰਜਾਬ ਹੋਮ ਗਾਰਡ ਯੂਨੀਅਨ ਆਦਿ ਵੀ ਹਾਜ਼ਰ ਸਨ।