ਐਨ.ਐਚ.ਐਮ. ਕਾਮਿਆਂ ਨੇ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਅਸ਼ੋਕ ਵਰਮਾ
ਗੋਨਿਆਣਾ, 20 ਅਗਸਤ 2026 : ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਠੇਕੇ *ਤੇ ਕੰਮ ਕਰਦੇ ਮੁਲਾਜ਼ਮਾਂ ਦੀ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਚੱਲ ਰਹੀ ਹੜਤਾਲ ਦੌਰਾਨ ਅੱਜ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਆਪਣਾ ਮੰਗ ਪੱਤਰ ਦਿੱਤਾ। ਵਿਧਾਇਕ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਗੰਭੀਰਤਾ ਨਾਲ ਵਿਚਾਰੇਗੀ। ਇਸ ਮੌਕੇ ਬਲਜਿੰਦਰਜੀਤ ਸਿੰਘ ਬੀ.ਐਸ.ਏ ਨੇ ਕਿਹਾ ਕਿ ਇਹ ਮੁਲਾਜ਼ਮ ਪਿਛਲੇ ਕਰੀਬ 18 ਸਾਲ ਤੋਂ ਨਿਗੂਣੀਆਂ ਤਨਖਾਹਾਂ *ਤੇ ਕੰਮ ਕਰ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਮੌਜ਼ੂਦਾ ਸਰਕਾਰ ਦੇ ਪੂਰੇ ਕਾਰਜ਼ਕਾਲ ਦੌਰਾਨ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਐਨ.ਐਚ.ਐਮ. ਕਰਮਚਾਰੀ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਕੰਮ ਕਰ ਰਹੇ ਹਨ ਪਰ ਤਨਖਾਹਾਂ ਵਿੱਚ ਵੱਡਾ ਫ਼ਰਕ ਹੈ।
ਡਾਕਟਰ ਦਿਨੇਸ਼ ਕੁਮਾਰ ਸੈਣੀ ਅਤੇ ਡਾ: ਪੰਕਜ਼ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਜ਼ਿਆਦਾ ਕੰਮ ਐਨ.ਐਚ.ਐਮ. ਕਰਮਚਾਰੀਆਂ *ਤੇ ਨਿਰਭਰ ਹੈ।ਇਸ ਮਿਸ਼ਨ ਤਹਿਤ ਹੀ ਵੱਡੇ ਵੱਡੇ ਫੰਡ ਵਿਭਾਗ ਨੂੰ ਮਿਲਦੇ ਹਨ। ਪਰ ਫਿਰ ਵੀ ਸਰਕਾਰਾਂ ਮਿਸ਼ਨ ਦੇ ਕਰਮਚਾਰੀਆਂ ਨਾਲ ਸ਼ਰੇਆਮ ਧੱਕਾ ਕਰ ਰਹੀਆਂ ਹਨ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਫਾਰਮੇਸੀ ਅਫ਼ਸਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ, ਮਪਹਵ ਰਣਜੀਤ ਕੌਰ, ਲੇਖਾਕਾਰ ਕੈਲਾਸ਼ ਬਾਬੂ, ਕੰਪਿਊਟਰ ਆਪਰੇਟਰ ਮੋਹਣ ਸਿੰਘ, ਆਈ.ਏ. ਰਮਨਦੀਪ ਕੌਰ ਅਤੇ ਸਿਮਰਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
- Download Babushahi App
-
-