ਏਮਜ਼ ਬਠਿੰਡਾ ਅਤੇ ਰਿਫਾਇਨਰੀ ਦੀ ਸਾਂਝੀ ਪਹਿਲ ਸਦਕਾ 256 ਲੋਕਾਂ ਨੂੰ ਸਿਹਤ ਸੇਵਾਵਾਂ ਮੁੱਹਈਆ ਕਰਵਾਈਆਂ
ਅਸ਼ੋਕ ਵਰਮਾ
ਬਠਿੰਡਾ, 30 ਸਤੰਬਰ 2026 : ਪੇਂਡੂ ਭਾਈਚਾਰੇ ਨੂੰ ਉਨ੍ਹਾਂ ਦੇ ਘਰ-ਦੁਆਰ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਐਚਐਮਈਐਲ, ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵੱਲੋਂ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਨ ਸਹੂਲਤ ਤਹਿਤ ਪਿੰਡ ਬਾਘਾ ਵਿੱਚ ਮੈਗਾ ਸਿਹਤ ਕੈਂਪ ਲਗਾਇਆ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ 256 ਪੇਂਡੂਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਡਾਕਟਰੀ ਸਲਾਹ ਅਤੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਦੌਰਾਨ ਏਮਜ਼ ਬਠਿੰਡਾ ਦੇ ਮਾਹਿਰ ਡਾਕਟਰਾਂ ਵੱਲੋਂ ਹੱਡੀਆਂ ਦੇ ਰੋਗ, ਅੱਖਾਂ ਦੇ ਰੋਗ, ਦੰਦਾਂ ਦੀ ਜਾਂਚ ਅਤੇ ਆਮ ਬਿਮਾਰੀਆਂ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਟੈਲੀਮੈਡੀਸਨ ਰਾਹੀਂ ਏਮਜ਼ ਦੇ ਮਾਹਿਰ ਡਾਕਟਰਾਂ ਤੋਂ ਸਲਾਹ ਲੈਣ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ। ਕੈਂਪ ਦੌਰਾਨ ਅੱਖਾਂ ਨਾਲ ਸਬੰਧਤ ਬਿਮਾਰੀਆਂ ਦੇ ਮਾਮਲਿਆਂ ਵਿੱਚ ਵੀ ਵੱਡੀ ਗਿਣਤੀ ਵਿੱਚ ਪੇਂਡੂਆਂ ਨੇ ਮਾਹਿਰ ਡਾਕਟਰੀ ਸਲਾਹ ਦਾ ਲਾਭ ਲਿਆ।ਮੋਬਾਈਲ ਮੈਡੀਕਲ ਯੂਨਿਟ ਦੀ ਸਹੂਲਤ ਸ਼ੁਰੂ ਹੋਣ ਤੋਂ ਪਹਿਲਾਂ ਆਸ-ਪਾਸ ਦੇ ਪੇਂਡੂਆਂ ਨੂੰ ਮਾਹਿਰ ਡਾਕਟਰੀ ਸੇਵਾਵਾਂ ਲਈ ਲਗਭਗ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਏਮਜ਼ ਬਠਿੰਡਾ ਜਾਣਾ ਪੈਂਦਾ ਸੀ। ਦੂਰੀ ਅਤੇ ਸਮੇਂ ਦੀ ਕਮੀ ਕਾਰਨ ਕਈ ਵਾਰ ਪੇਂਡੂ ਸਮੇਂ ਸਿਰ ਡਾਕਟਰੀ ਸਲਾਹ ਨਹੀਂ ਲੈ ਸਕਦੇ ਸਨ। ਹੁਣ ਮੋਬਾਈਲ ਮੈਡੀਕਲ ਯੂਨਿਟ ਰਾਹੀਂ ਮਾਹਿਰ ਸਿਹਤ ਸੇਵਾਵਾਂ ਪਿੰਡਾਂ ਤੱਕ ਪਹੁੰਚਣ ਨਾਲ ਪੇਂਡੂਆਂ ਨੂੰ ਆਪਣੇ ਘਰ-ਦੁਆਰ ਦੇ ਨੇੜੇ ਹੀ ਸਮੇਂ ਸਿਰ ਸਿਹਤ ਜਾਂਚ, ਡਾਕਟਰੀ ਸਲਾਹ ਅਤੇ ਇਲਾਜ ਦੀ ਸਹੂਲਤ ਮਿਲ ਰਹੀ ਹੈ। ਇਸ ਪਹਿਲਕਦਮੀ ਤਹਿਤ ਹੁਣ ਤੱਕ 59 ਪਿੰਡਾਂ ਵਿੱਚ 290 ਮੋਬਾਈਲ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 16 ਹਜ਼ਾਰ ਤੋਂ ਵੱਧ ਲੋਕਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਗਿਆ ਹੈ।
- Download Babushahi App
-
-