ਅਕਸ਼ੈ ਸ਼ਰਮਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ, ਕਿਹਾ, ਵਪਾਰ ਵਧੇਗਾ ਤਾਂ ਹੀ ਸ਼ਹਿਰ ਅੱਗੇ ਵਧੇਗਾ
ਲਿਬਰਟੀ ਮਾਰਕੀਟ ਸ਼ਹਿਰ ਦੀ ਲਾਈਫ ਲਾਈਨ, ਵਪਾਰੀਆਂ ਦੀ ਸੁਰੱਖਿਆ ਅਤੇ ਸੁਵਿਧਾਵਾਂ ਸਾਡੀ ਪਹਿਲ – ਅਕਸ਼ੈ ਸ਼ਰਮਾ
ਕੁਲਵਿੰਦਰ ਸਿੰਘ/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 21 ਮਈ 2026 : ਅੰਮ੍ਰਿਤਸਰ ਉੱਤਰੀ ਹਲਕੇ ਤੋਂ ਭਾਜਪਾ ਦੇ ਨੌਜਵਾਨ ਆਗੂ ਨੇ ਅੱਜ ਲਿਬਰਟੀ ਮਾਰਕੀਟ ਵਿੱਚ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਵਪਾਰੀਆਂ ਨਾਲ ਮਿਲਣਾ ਅਤੇ ਉਨ੍ਹਾਂ ਦੀਆਂ ਦਿੱਕਤਾਂ ਨੂੰ ਸਮਝਣਾ ਚਾਹੁੰਦੇ ਸਨ ਅਤੇ ਅੱਜ ਉਨ੍ਹਾਂ ਨੂੰ ਵਪਾਰੀਆਂ ਵਿਚ ਆਉਣ ਦਾ ਮੌਕਾ ਮਿਲਿਆ ਹੈ। ਅਕਸ਼ੈ ਸ਼ਰਮਾ ਨੇ ਕਿਹਾ ਕਿ ਜੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ “ਸਭਕਾ ਸਾਥ, ਸਭਕਾ ਵਿਕਾਸ” ਵਾਲੀ ਸੋਚ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਵਪਾਰੀ ਮਜ਼ਬੂਤ ਹੋਵੇਗਾ ਤਾਂ ਸ਼ਹਿਰ ਵੀ ਮਜ਼ਬੂਤ ਹੋਵੇਗਾ, ਕਿਉਂਕਿ ਬਾਜ਼ਾਰ ਸ਼ਹਿਰ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ “ਸਿਰਫ ਦੁਕਾਨਾਂ ਚੱਲਣ ਨਾਲ ਕੰਮ ਨਹੀਂ ਚਲੇਗਾ, ਸਗੋਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ।” ਮੀਟਿੰਗ ਦੌਰਾਨ ਵਪਾਰੀਆਂ ਨੇ ਮਾਰਕੀਟ ਵਿੱਚ ਵਾਸ਼ਰੂਮ, ਸੀਸੀਟੀਵੀ ਕੈਮਰੇ, ਸਟ੍ਰੀਟ ਲਾਈਟਾਂ, ਸੁਰੱਖਿਆ ਪ੍ਰਬੰਧ ਅਤੇ ਪਾਰਕਿੰਗ ਵਰਗੀਆਂ ਸਮੱਸਿਆਵਾਂ ਉਠਾਈਆਂ। ਇਸ ’ਤੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਭਾਜਪਾ ਹਰ ਉਸ ਸਮੱਸਿਆ ਦੇ ਹੱਲ ਲਈ ਕੰਮ ਕਰੇਗੀ ਜਿਸ ਕਾਰਨ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ, “ਮੈਂ ਤੁਹਾਡਾ ਭਰਾ ਹਾਂ ਅਤੇ ਹਰ ਵੇਲੇ ਚੱਟਾਨ ਵਾਂਗ ਵਪਾਰੀਆਂ ਦੇ ਨਾਲ ਖੜ੍ਹਾ ਰਹਾਂਗਾ। ਵਪਾਰ ਦੀ ਤਰੱਕੀ ਨਾਲ ਹੀ ਸ਼ਹਿਰ ਅੱਗੇ ਵਧੇਗਾ।” ਨੌਜਵਾਨ ਵਰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਆਪਣੇ ਵਪਾਰ ਅਤੇ ਰੋਜ਼ਗਾਰ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਲਿਬਰਟੀ ਮਾਰਕੀਟ ਨੂੰ ਸ਼ਹਿਰ ਦਾ “ਆਈਟੀ ਹੱਬ” ਦੱਸਦਿਆਂ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਕੰਮ ਕਰਦੇ ਦਿਖਾਈ ਦਿੰਦੇ ਹਨ, ਪਰ ਜਿਸ ਪੱਧਰ ਦੀਆਂ ਸੁਵਿਧਾਵਾਂ ਇਸ ਮਾਰਕੀਟ ਨੂੰ ਮਿਲਣੀਆਂ ਚਾਹੀਦੀਆਂ ਸਨ, ਉਹ ਅਜੇ ਤੱਕ ਨਹੀਂ ਮਿਲ ਸਕੀਆਂ। ਅਕਸ਼ੈ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਸੁਪਨਾ ਪੰਜਾਬ ਅਤੇ ਵਪਾਰੀ ਵਰਗ ਨੂੰ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਮਾਰਕੀਟ ਵਿੱਚ ਠੰਡੇ ਪਾਣੀ ਦੀ ਮਸ਼ੀਨ ਲਗਵਾਉਣ ਅਤੇ ਹੋਰ ਸੁਵਿਧਾਵਾਂ ਨੂੰ ਲੈ ਕੇ ਦੁਬਾਰਾ ਵਪਾਰੀਆਂ ਵਿਚ ਆਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵਿੱਚ ਭਾਜਪਾ ਨੇ ਦੇਸ਼ ਨੂੰ ਤਰੱਕੀ ਦੇ ਨਵੇਂ ਆਯਾਮ ਦਿੱਤੇ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਭਾਜਪਾ ਹੀ ਵਿਕਾਸ ਕਰਵਾ ਸਕਦੀ ਹੈ। ਇਸ ਲਈ ਲੋਕਾਂ ਨੂੰ ਭਾਜਪਾ ਦਾ ਸਾਥ ਦੇ ਕੇ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪੱਪੂ ਮਹਾਜਨ, ਰਾਜੇਸ਼ ਮਹਾਜਨ, ਅਭੀ ਮਹਾਜਨ, ਹਨੀ ਸਹਿਗਲ, ਸਭੀ, ਮਣੀ, ਵਿਸ਼ਾਲ ਸਹਿਗਲ, ਬਲਵੰਤ ਸਿੰਘ, ਕਾਲੀ ਪਾਜੀ, ਡਾ. ਮਨੂ, ਸੰਦੀਪ ਸਿੰਘ, ਰਮਨਦੀਪ ਸਿੰਘ ਅਤੇ ਪਵਨ ਮਹਾਜਨ ਸਮੇਤ ਹੋਰ ਸਾਥੀ ਵੀ ਮੌਜੂਦ ਸਨ।
- Download Babushahi App
-
-