ਐਸ.ਏ.ਐਸ.ਨਗਰ, 12 ਜੂਨ 2018: ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਉਣ ਤਹਿਤ ਜ਼ਿਲ੍ਹਾ ਪੱਧਰ ਤੇ ਬਣਾਈ ਗਈ ਟਾਸਕ ਫੋਰਸ ਵੱਲੋਂ ਬਾਲ ਮਜ਼ਦੂਰੀ ਰੋਕਣ ਤਹਿਤ 23 ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਗਏ। ਇਸ ਦੌਰਾਨ ਸੈਕਟਰ 67 ਸਥਿਤ ਕਰਿਆਨੇ ਦੀ ਦੁਕਾਨ ਤੋਂ ਇੱਕ ਬੱਚਾ ਬਰਾਮਦ ਕੀਤਾ ਗਿਆ, ਜਿਸ ਦੀ ਉਮਰ 16 ਸਾਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗਰੇਡ-1 ਜਗਪ੍ਰੀਤ ਸਿੰਘ ਨੇ ਦੱਸਿਆ ਕਿ ਬਾਲ ਮਜ਼ਦੂਰੀ ਸਪਤਾਹ ਦੇ ਪਹਿਲੇ ਦਿਨ ਕਿਰਤ ਵਿਭਾਗ, ਡਿਪਟੀ ਡਾਇਰੈਕਟਰ (ਫੈਕਟਰੀ) ਜਤਿੰਦਰ ਸਿੰਘ ਭੱਟੀ, ਨਗਰ ਨਿਗਮ ਦੇ ਨੁਮਾਇੰਦੇ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਸੋਸ਼ਲ ਵਰਕਰ ਮਨਿੰਦਰ ਸਿੰਘ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਸਾਝੇ ਤੌਰ 'ਤੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ ਦੌਰਾਨ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਅਚਨਚੇਤੀ ਛਾਪੇ ਮਾਰੇ ਜਾਣਗੇ ਅਤੇ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।