ਵੱਖ-ਵੱਖ ਮਾਮਲਿਆਂ ਵਿੱਚ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਵਿਅਕਤੀ ਕਾਬੂ, ਇੱਕ ਫਰਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 7 ਮਈ 2024: ਸਥਾਨਕ ਪੁਲਿਸ ਨੇ ਤਿੰਨ ਮੋਟਰਸਾਈਕਲ ਚੋਰਾਂ ਨੂੰ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਦੋ ਵੱਖ-ਵੱਖ ਮਾਮਲਿਆਂ ਵਿੱਚ ਮਾਮਲਾ ਦਰਜ ਕੀਤਾ ਹੈ, ਜਦਕਿ ਇੱਕ ਚੋਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਯੁਗਰਾਜ ਹਾਲ ਵਾਸੀ ਧਰਮਗੜ੍ਹ ਰੋਡ ਮੂਲ ਵਾਸੀ ਬਰਾੜਾ (ਹਰਿਆਣਾ), ਦੂਜੇ ਮਾਮਲੇ ਵਿੱਚ ਅਮਰੀਕ ਸਿੰਘ ਉਰਫ਼ ਬੰਟੀ ਵਾਸੀ ਕੁਰਲੀ, ਰਾਜੀਵ ਕੁਮਾਰ ਵਾਸੀ ਬਲਦੇਵ ਨਗਰ ਵਜੋਂ ਹੋਈ ਦੱਸੀ ਹੈ। ਪਹਿਲੇ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਨਿਰਭੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੁਗਰਾਜ ਆਪਣੇ ਸਾਥੀ ਸੁੱਖੀ ਨਾਲ ਚੋਰੀ ਦਾ ਮੋਟਰਸਾਈਕਲ ਲਾਲੜੂ ਵਿਖੇ ਸਕਰੈਪ ਡੀਲਰ ਨੂੰ ਵੇਚਣ ਲਈ ਆ ਰਿਹਾ ਹੈ।
ਪੁਲਿਸ ਨੇ ਤੁਰੰਤ ਆਲਮਗੀਰ ਮੋੜ ’ਤੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਰੋਕ ਕੇ ਯੁਗਰਾਜ ਨੂੰ ਕਾਬੂ ਕਰ ਲਿਆ, ਜਦਕਿ ਸੁੱਖੀ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਮਾਮਲੇ ਵਿੱਚ ਜਾਂਚ ਕਰ ਰਹੇ ਅਧਿਕਾਰੀ ਹੌਲਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਟਿਵਾਣਾ ਨੇ ਆਪਣਾ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ।
ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਆਲਮਗੀਰ ਮੋੜ 'ਤੇ ਨਾਕਾਬੰਦੀ ਕਰਕੇ ਅੰਬਾਲਾ ਤੋਂ ਸ਼ੱਕ ਦੇ ਅਧਾਰ 'ਤੇ ਆ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੇ ਕਾਗਜ਼ਾਤ ਚੈੱਕ ਕੀਤੇ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ। ਪੁਲਿਸ ਦੀ ਜਾਂਚ ਦੌਰਾਨ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।