ਸੀਪੀਆਈ ਨੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕੀਤੀ ਰੈਲੀ
ਰੋਹਿਤ ਗੁਪਤਾ
ਗੁਰਦਾਸਪੁਰ 15 ਮਈ 2024 - ਨਹਿਰੂ ਪਾਰਕ ਗੁਰਦਾਸਪੁਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਲਿਬਰੇਸ਼ਨ ਆਗੂ ਵਿਜੇ ਕੁਮਾਰ ਸੋਹਲ ਅਤੇ ਦਲਬੀਰ ਭੋਲਾ ਮਲਕਵਾਲ ਦੀ ਪਰਧਾਨਗੀ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵ ਦੀ ਹਮਾਇਤ ਵਿੱਚ ਰੈਲੀ ਕੀਤੀ ਗਈ।
ਇਸ ਸਮੇਂ ਬੋਲਦਿਆਂ ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸਾਡੀ ਪਾਰਟੀ ਇੰਡੀਆ ਗਠਜੋੜ ਦੀ ਹਿਸੇਦਾਰ ਹੋਣ ਦੇ ਨਾਤੇ ਅਸੀਂ ਸਾਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਨਾਉਣ ਲਈ ਕਾਂਗਰਸ ਦੀ ਹਮਾਇਤ ਕਰ ਰਹੇ ਹਾਂ ਭਾਵੇਂ ਇੰਡੀਆ ਗਠਜੋੜ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਪਰ ਉਸ ਦੀ ਰਾਜਨੀਤਕ ਸਥਿਤੀ ਭਾਜਪਾ ਨੂੰ ਹਰਾਉਣ ਦੀ ਹਾਲਤ ਵਿਚ ਨਹੀਂ ਹੈ।
ਆਗੂਆਂ ਕਿਹਾ ਕਿ ਭਾਜਪਾ ਅਤੇ ਆਰ ਐਸ ਐਸ ਦੇ ਫਾਸ਼ੀਵਾਦ ਨੂੰ ਹਰਾਉਣਾ ਸਾਡੀ ਪਾਰਟੀ ਦਾ ਮੁੱਖ ਰਾਜਨੀਤਕ ਏਜੰਡਾ ਹੈ ਕਿਉਂਕਿ ਭਾਜਪਾ ਤੋਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਜੇਕਰ ਭਾਜਪਾ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਮੋਦੀ ਸਰਕਾਰ ਦੇਸ ਵਿੱਚ ਦੁਬਾਰਾ ਚੋਣਾਂ ਹੋਣੀਆਂ ਸੰਭਵ ਨਹੀਂ ਰਹਿਣ ਦੇਵੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਹੁਣ ਤੱਕ ਦੇ ਦੇਸ਼ ਦੇ ਵੱਖ ਵੱਖ ਚੋਣ ਗੇੜਾ ਵਿਚ ਹਰ ਰਹੀ ਹੈ ਅਤੇ ਅਵੱਸ਼ ਪੰਜਾਬ ਵਿੱਚ ਭਾਜਪਾ ਨੂੰ ਸਾਰੀਆਂ ਸੀਟਾਂ ਤੇ ਹਾਰ ਦਿੱਤੀ ਜਾਵੇਗੀ।ਇਸ ਸਮੇਂ ਬੋਲਦਿਆਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਗੁਰਦਾਸਪੁਰ ਹਲਕੇ ਦੇ ਐਮ ਐਲ ਏ ਬਰਿੰਦਰਜੀਤ ਸਿੰਘ ਪਾਹੜਾ ਨੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਕੀਤੀ ਹਮਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਉਹ ਲੋਕ ਸਭਾ ਵਿੱਚ ਮਜ਼ਦੂਰਾਂ ਦੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਨ, ਮਨਰੇਗਾ ਦਾ ਰੋਜ਼ਗਾਰ 200ਦਿਨ ਕਰਨ ਅਤੇ ਦਿਹਾੜੀ 700 ਰੁਪਏ ਕਰਨ ਸਮੇਤ ਮਜ਼ਦੂਰਾਂ ਕਿਸਾਨਾਂ ਦੇ ਸਿਖਿਆ ਅਤੇ ਸਿਹਤ ਦੇ ਸੁਆਲਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ।
ਇਸ ਸਮੇਂ ਗੁਰਮੁਖ ਸਿੰਘ ਲਾਲੀ ਭਾਗੋਵਾਲ,ਬੰਟੀ ਰੋੜਾ ਪਿੰਡੀ, ਹਰਜਿੰਦਰ ਪਿੱਟਾਂ, ਬਚਨ ਸਿੰਘ ਤੇਜਾ ਕਲਾਂ, ਕਪਤਾਨ ਸਿੰਘ ਬਾਸਰਪੁਰਾ, ਪਰਮਜੀਤ ਕੌਰ ਮੰਜਿਆਂ ਵਾਲੀ, ਰਾਣੀ ਖੋਖਰ ਅਤੇ ਸਤਵਿੰਦਰ ਕੌਰ ਅਤੇ ਰਣਜੀਤ ਕੌਰ ਡੰਡਵ ਵੀ ਹਾਜ਼ਰ ਸਨ।