ਕਾਂਗਰਸ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਪਹਿਲ ਦੇਵੇਗੀ : ਢਿੱਲੋਂ
- ਨਗਰ ਕੌਸਲ ਦੇ ਸਮੂਹ ਵਾਰਡ ਅਹੁਦੇਦਾਰਾਂ ਨਾਲ ਕੀਤੀਆਂ ਵਿਚਾਰਾਂ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਅਪ੍ਰੈਲ 2024: ਇਹ ਚੋਣ ਦੇਸ਼ ਤੇ ਪੰਜਾਬ ਲਈ ਬੇਹੱਦ ਨਿਰਣਾਇਕ ਹੈ ਅਤੇ ਦੇਸ਼, ਸੰਵਿਧਾਨ ਤੇ ਕਿਸਾਨੀ ਸਮੇਤ ਹੋਰ ਵਰਗਾਂ ਨੂੰ ਬਚਾਉਣ ਲਈ ਕਾਂਗਰਸੀ ਆਗੂਆਂ- ਵਰਕਰਾਂ ਨੂੰ ਵੱਡੀ ਜਿੰਮੇਵਾਰੀ ਨਿਭਾਉਣੀ ਪਵੇਗੀ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਾਂਗਰਸੀ ਕੌਂਸਲਰ ਮਾਸਟਰ ਮੋਹਨ ਸਿੰਘ ਦੇ ਦਫਤਰ ਵਿਖੇ ਨਗਰ ਕੌਂਸਲ ਨਾਲ ਸਬੰਧਤ ਕਾਂਗਰਸੀ ਆਗੂਆਂ-ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਮੂਹ ਕਾਂਗਰਸੀਆਂ ਵੱਲੋਂ ਨਗਰ ਕੌਂਸਲ ਵਿਚਲੇ ਆਪੋ-ਆਪਣੇ ਵਾਰਡਾਂ ਵਿੱਚ ਸਰਗਰਮ ਹੁੰਦਿਆਂ ਲੋਕਾਂ ਨੂੰ ਕੇਂਦਰ ਸਰਕਾਰ ਦੀ ਨਫਰਤ ਵਧਾਊ ਤੇ ਲੋਕ ਮਾਰੂ ਨੀਤੀਆਂ ਬਾਰੇ ਜਾਣੂੰ ਕਰਵਾਉਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਹੋਰਨਾਂ ਆਗੂਆਂ ਵੱਲੋਂ ਇਸ ਸਮੇਂ ਦੇਸ਼ 'ਚ ਧਰਮ ਦੇ ਨਾਮ ਉਤੇ ਨਫਰਤ ਦਾ ਪਸਾਰ ਕੀਤਾ ਜਾ ਰਿਹਾ ਹੈ, ਜਦਕਿ ਦੇਸ਼ ਤਾਂ ਹੋਰਨਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਨਫਰਤ ਦੀ ਇਸ ਸਿਆਸਤ ਤੋਂ ਬਾਹਰ ਆ ਕੇ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਪਹਿਲ ਦੇਣੀ ਪਵੇਗੀ।ਮੀਟਿੰਗ ਦੌਰਾਨ ਸਮੂਹ ਆਗੂਆਂ ਨੂੰ ਕਾਂਗਰਸ ਦੀ ਰੀੜ ਦੀ ਹੱਡੀ ਦੱਸਦਿਆਂ ਉਨ੍ਹਾਂ ਇੱਕ-ਇੱਕ ਵੋਟ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਭੁਗਤਾਉਣ ਦੀ ਅਪੀਲ ਕੀਤੀ।ਅੱਜ ਦੀ ਇਸ ਮੀਟਿੰਗ 'ਚ ਨਗਰ ਕੌਂਸਲ ਲਾਲੜੂ ਨਾਲ ਸਬੰਧਤ ਕਾਂਗਰਸੀ ਕੌਸਲਰ, ਵੱਖ-ਵੱਖ ਵਾਰਡਾਂ ਦੇ ਸੀਨੀਅਰ ਆਗੂ -ਬੀਬੀਆਂ ਤੇ ਨੌਜਵਾਨ ਹਾਜ਼ਰ ਸਨ।