ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਹੱਥਾਂ ’ਚ ਤਖਤੀਆਂ ਫੜ ਵਿਖਾਇਆ ਰੋਸ
ਦੀਪਕ ਗਰਗ
ਕੋਟਕਪੂਰਾ, 27 ਅਪੈ੍ਰਲ 2024 :- ਐਲੀਮੈਂਟਰੀ ਟੀਚਰਜ ਯੂਨੀਅਨ ਫਰੀਦਕੋਟ ਵੱਲੋਂ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਤੋਂ ਲਏ ਜਾਂਦੇ ਗੈਰ-ਵਿੱਦਿਅਕ ਕੰਮਾਂ ਅਤੇ ਡਿਊਟੀਆਂ ਨੂੰ ਬੰਦ ਕਰਵਾਉਣ ਲਈ ਸਮੁੱਚੇ ਪ੍ਰਾਇਮਰੀ ਵਰਗ ਦੀ ਮੰਗ ’ਤੇ ਉਲੀਕੇ ਸੂਬਾਈ ਪ੍ਰੋਗਰਾਮ ਤਹਿਤ ਚਾਲੂ ਕੀਤੀ ਮੁਹਿੰਮ ਦੇ ਤਹਿਤ “ਮੈਂ ਇੱਕ ਅਧਿਆਪਕ ਹਾਂ, ਮੈਨੂੰ ਬੱਚੇ ਪੜਾਉਣ ਦਿਓ“ ਦੇ ਨਾਅਰੇ ਨੂੰ ਲੈ ਕੇ ਅੱਜ ਸ਼ੁਰੂਆਤੀ ਦੌਰ ਸਮੇਂ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਅੰਦਰ ਅਧਿਆਪਕ ਆਗੂਆਂ ਤੇ ਅਧਿਆਪਕਾਂ ਨੇ ਤਖਤੀਆਂ ਫੜ ਕੇ ਆਪਣਾ ਰੋਸ ਜਤਾਉਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਲਈ ਭਰਤੀ ਕੀਤਾ ਗਿਆ ਹੈ ਨਾ ਕਿ ਗੈਰ-ਵਿੱਦਿਅਕ ਕੰਮਾਂ ਅਤੇ ਡਿਊਟੀਆਂ ਲਈ ਭਰਤੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਲੀਮੈਂਟਰੀ ਟੀਚਰਜ ਯੂਨੀਅਨ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਦੇ ਸਮੁੱਚੇ ਪ੍ਰਾਇਮਰੀ ਵਰਗ ਵੱਲੋਂ ਰੋਸ ਜਤਾਉਂਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਅੰਦਰ ਹਰੇਕ ਤਰ੍ਹਾਂ ਦੇ ਗੈਰ ਵਿੱਦਿਅਕ ਕੰਮਾਂ ਅਤੇ ਡਿਊਟੀਆਂ ਨੂੰ ਬੰਦ ਕਰਕੇ ਅਧਿਆਪਕ ਵਰਗ ਨੂੰ ਸਿਰਫ ਅਤੇ ਸਿਰਫ ਬੱਚਿਆਂ ਦੀ ਸਿੱਖਿਆ ਨਾਲ ਜੋੜਿਆ ਜਾਵੇ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਅਤੇ ਡਿਊਟੀਆਂ ਨੂੰ ਬੰਦ ਕਰਵਾਉਣ ਤੱਕ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ, 13 ਜੁਲਾਈ ਨੂੰ ਜਲੰਧਰ ਵਿਖੇ ਅਧਿਆਪਕਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਹੋ ਰਹੀ ਵਿਸਾਲ ਕਨਵੈਨਸ਼ਨ ’ਚ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਵਾਉਣ ਲਈ ਹੋਰ ਅਗਲੇਰਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਜਨਰਲ ਸਕੱਤਰ ਬਖਸ਼ਿੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਸੇਖੋਂ, ਰਣਜੀਤ ਸਿੰਘ ਮੱਲ੍ਹਾ, ਤੇਜਪਾਲ, ਮਨਜੀਤ ਸਿੰਘ ਸੰਧੂ ਸੀਐੱਚਟੀ, ਜੰਗ ਬਹਾਦਰ ਸਿੰਘ ਸੀਐਚਟੀ, ਸੁਖਜੀਵਨ ਸਿੰਘ, ਧਰਮਿੰਦਰ ਸਿੰਘ ਡੋਡ, ਧਰਮਪਾਲ ਸਿੰਘ, ਬਲਜੀਤ ਗਰੋਵਰ, ਹਰਬੀਰ ਸਿੰਘ ਆਦਿ ਆਗੂ ਵੀ ਹਾਜਰ ਸਨ।