ਵਿਸ਼ਵ ਟੀਕਾਕਰਨ ਹਫ਼ਤੇ ਦੌਰਾਨ 24 ਤੋਂ 30 ਅਪ੍ਰੈਲ ਤੱਕ ਲਗਾਏ ਜਾਣਗੇ ਸਪੈਸ਼ਲ ਟੀਕਾਕਰਨ ਕੈਂਪ: ਡਾ. ਮਨੁ ਵਿਜ
ਰੂਪਨਗਰ, 19 ਅਪ੍ਰੈਲ 2024: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਆਦੇਸ਼ਾਂ ਤਹਿਤ ਸਿਵਲ ਸਰਜਨ ਡਾ. ਮਨੁ ਵਿਜ ਦੀ ਅਗਵਾਈ ਵਿੱਚ ਜਿਲ੍ਹਾ ਰੂਪਨਗਰ ਅੰਦਰ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨੁ ਵਿਜ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ 24 ਤੋਂ 30 ਅਪ੍ਰੈਲ ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।
ਉਹਨਾ ਨੇਂ ਕਿਹਾ ਕਿ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਟੀਕਾਕਰਣ ਦੀ 50ਵੀਂ ਵਰੇਗੰਢ ’ਤੇ ਸਪੈਸ਼ਲ ਕੈਂਪਾਂ ਰਾਹੀਂ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ।
ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇਂ ਕਿ ਪੋਲਿਓ ਆਦਿ ਤੋਂ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਕਾਕਰਨ ਹਫ਼ਤੇ ਦੌਰਾਨ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪ੍ਰਵਾਸੀ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਵੀ ਕੀਤਾ ਜਾਵੇਗਾ। ਇਸ ਦਾ ਮੁੱਖ ਉਦੇਸ਼ 5 ਸਾਲ ਤਕ ਦੇ ਬੱਚਿਆਂ ਅਤੇ ਗਰਭਵਰਤੀਆਂ ਦੇ ਟੀਕਾਕਰਨ ਦੀ ਕਵਰੇਜ ਨੂੰ ਮਜ਼ਬੂਤ ਕਰਨਾ ਹੈ। ਇਸ ਲਈ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀਆਂ ਜਿਨ੍ਹਾਂ ਦਾ ਟੀਕਾਕਰਨ ਅਧੂਰਾ ਹੈ ਜਾਂ ਫਿਰ ਕਿਸੇ ਕਾਰਨ ਰਹਿ ਗਿਆ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਨਿਰਧਾਰਤ ਟੀਕਾਕਰਣ ਸੂਚੀ ਤੋਂ ਇਲਾਵਾ ਮੀਜਲ ਅਤੇ ਰੂਬੈਲਾ ਦੇ ਟੀਕਾਕਰਨ ਦੇ ਦੂਸਰੀ ਖ਼ੁਰਾਕ ਦੀ 100%ਕਵਰੇਜ ਕਰਨੀ ਯਕੀਨੀ ਬਣਾਈ ਜਾਵੇਗੀ ਅਤੇ 10 ਤੋਂ 16 ਸਾਲ ਦੇ ਪਰਵਾਸੀ ਬੱਚਿਆਂ ਟੀ. ਡੀ. ਦਾ ਟੀਕਾ ਵੀ ਲਗਾਇਆ ਜਾਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਅਤਿ ਜ਼ੋਖਮ ਵਾਲੇ ਖੇਤਰ ਜਿਵੇਂ ਕਿ ਪਰਵਾਸੀ ਆਬਾਦੀ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠਿਆਂ ਆਦਿ 'ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀਆਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇਗਾ।
ਡਾ. ਨਵਰੂਪ ਕੌਰ ਜ਼ਿਲ੍ਹਾ ਟੀਕਾਕਰਨ ਨੇਂ ਕਿਹਾ ਕਿ ਫੀਲਡ ਸਟਾਫ ਵੱਲੋਂ ਇਹਨਾਂ ਥਾਵਾਂ ਦਾ ਹੈਡਕਾਉਂਟ ਸਰਵੇ ਕੀਤਾ ਜਾ ਰਿਹਾ ਅਤੇ ਮਾਈਕਰੋ ਪਲੈਨ ਫੀਲਡ ਚ ਤਿਆਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਉਪਰੋਕਤ ਥਾਵਾਂ 'ਤੇ ਸੀਨੀਅਰ ਮੈਡੀਕਲ ਅਫਸਰ ਇਨ੍ਹਾਂ ਕੈਪਾਂ ਦਾ ਨਿਰੀਖਣ ਕਰਨਗੇ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ।