ਨੈਤਿਕਤਾ ਦਾ ਬੀਜ ਖਿਲਾਰਨ ਵਿੱਚ ਅਧਿਆਪਕ ਵਰਗ ਦਾ ਵੱਡਮੁੱਲਾ ਯੋਗਦਾਨ : ਡਾ ਅਵੀਨਿੰਦਰਪਾਲ ਸਿੰਘ
- ਵੱਖ-ਵੱਖ 93 ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਤੇ ਪਿ੍ਰੰਸੀਪਲਾਂ ਦਾ ਵਿਸ਼ੇਸ਼ ਸਨਮਾਨ
ਦੀਪਕ ਗਰਗ
ਕੋਟਕਪੂਰਾ, 2 ਮਈ 2024 :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਅਧਿਆਪਕ ਸਨਮਾਨ ਕਾਰਜਸ਼ਾਲਾ ਸਮਾਗਮ ਦਾ ਆਯੋਜਨ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜੋਨਲ ਦਫਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿਖੇ ਕੀਤਾ ਗਿਆ, ਜਿਸ ਵਿੱਚ 93 ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪਿ੍ਰੰਸੀਪਲਾਂ, ਪ੍ਰੋਫੈਸਰਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਅਮਰਜੀਤ ਸਿੰਘ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਜੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਨੇ ਹਾਜਰੀਨ ਅਧਿਆਪਕਾਂ ਨੂੰ ਜੀ ਆਇਆਂ ਕਹਿਣ ਉਪਰੰਤ ਕਰਮਜੀਤ ਸਿੰਘ ਜੋਨਲ ਕੋਆਰਡੀਨੇਟਰ ਅਧਿਆਪਕ ਵਿੰਗ ਨੇ ਮੌਜੂਦਾ ਪਰਿਪੇਖ ਵਿੱਚ ਅਧਿਆਪਕ ਦਾ ਰੋਲ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ।
ਅਧਿਆਪਕਾਂ ਵਲੋਂ ਅਜੋਕੇ ਸਿੱਖਿਆ ਪ੍ਰਬੰਧ ਦੇ ਮੱਦੇਨਜਰ ਵਿਦਿਆਰਥੀਆਂ ਦੇ ਨੈਤਿਕ ਵਿਕਾਸ ਵਿੱਚ ਅਧਿਆਪਕ ਦੀ ਭੂਮਿਕਾ ਵਿਸ਼ੇ ’ਤੇ ਵਿਚਾਰਾਂ ਦੀ ਸਾਂਝ ਪਾਈ। ਡਾ. ਅਵੀਨਿੰਦਰਪਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਰਥਾਤ ਸਰਬੱਤ ਦੇ ਭਲੇ ਦਾ ਉਦੇਸ਼ ਸਾਂਝਾ ਕਰਦਿਆਂ ਕਿਹਾ ਕਿ ਅਨੈਤਿਕਤਾ ਦੀ ਬਹੁਤਾਤ ’ਚ ਜੇਕਰ ਅਸੀਂ ਕੋਈ ਨੈਤਿਕਤਾ ਦਾ ਬੀਜ ਖਿਲਾਰ ਸਕੀਏ ਤਾਂ ਆਪਣਾ ਜੀਵਨ ਦਾ ਕੁਝ ਹਿੱਸਾ ਸਫਲਾ ਕਰ ਸਕਾਂਗੇ, ਉਹਨਾਂ ਗੁਰੂ ਨਾਨਕ ਜੀ ਵਾਂਗ ਬੇਆਰਾਮ ਹੋ ਕੇ ਅਧਿਆਪਕਾਂ ਨੂੰ ਬੇਅਰਾਮੀ ’ਚੋਂ ਖੁਸ਼ੀ ਮਹਿਸੂਸ ਕਰਨ ਲਈ ਪ੍ਰੇਰਿਤ ਕਰਨ ਉਪਰੰਤ ਆਪਣੇ ਬੱਚਿਆਂ ਲਈ ਵਧੀਆ ਸਮਾਜ ਸਿਰਜ ਕੇ ਜਾਣ ਵਾਸਤੇ ਸਮਾਂ ਦੇਣ ਲਈ ਅਧਿਆਪਕ ਵੀਰ/ਭੈਣਾ ਦਾ ਧੰਨਵਾਦ ਕੀਤਾ। ਸਨਮਾਨਿਤ ਹੋਏ ਅਧਿਆਪਕਾਂ ਵਿੱਚੋਂ ਕੁਝ ਚੋਣਵੇਂ ਬੁਲਾਰਿਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਮੰਨਿਆ ਕਿ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਇਸ ਜਥੇਬੰਦੀ ਦਾ ਬਹੁਤ ਵੱਡਾ ਯੋਗਦਾਨ ਹੈ।
ਉਹਨਾਂ ਜਥੇਬੰਦੀ ਵੱਲੋਂ ਨੌਜਵਾਨਾ ਅਤੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਨੈਤਿਕਤਾ ਦਾ ਪਾਠ ਪੜਾਉਣ ਵਾਲੇ ਪੋ੍ਰਗਰਾਮਾ ਦਾ ਸੰਖੇਪ ਵਿੱਚ ਜਿਕਰ ਕਰਦਿਆਂ ਆਖਿਆ ਕਿ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਤਰਾਂ ਦੇ ਉਪਰਾਲੇ ਕਰਨੇ ਬਹੁਤ ਹੀ ਸ਼ਲਾਘਾਯੋਗ ਹਨ। ਉਕਤ ਬੁਲਾਰਿਆਂ ਨੇ ਜਥੇਬੰਦੀ ਨਾਲ ਜੁੜਨ ਤੋਂ ਬਾਅਦ ਆਪਣੇ ਜੀਵਨ ਵਿੱਚ ਆਈਆਂ ਤਬਦੀਲੀਆਂ ਦਾ ਵੀ ਸੰਖੇਪ ਵਿੱਚ ਵਰਨਣ ਕੀਤਾ। ਹਾਜਰ ਸਾਰੇ ਅਧਿਆਪਕਾਂ ਨੂੰ ਡਾ. ਅਵੀਨਿੰਦਰਪਾਲ ਸਿੰਘ, ਰਣਜੀਤ ਸਿੰਘ, ਕਰਮਜੀਤ ਸਿੰਘ, ਚਮਕੌਰ ਸਿੰਘ, ਸਤਨਾਮ ਸਿੰਘ ਅਤੇ ਗੁਰਿੰਦਰ ਸਿੰਘ ਨੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਤਨਾਮ ਸਿੰਘ ਅਤੇ ਜਗਮੋਹਨ ਸਿੰਘ ਵੱਲੋਂ ਨਿਭਾਈ ਗਈ। ਜਥੇਬੰਦੀ ਦੇ ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ ਸਿਵੀਆਂ ਨੇ ਪੁਸਤਕ ਪ੍ਰਦਰਸ਼ਨੀ ਲਾਈ, ਜਿਸ ਦਾ ਅਧਿਆਪਕਾਂ ਵਲੋਂ ਬਹੁਤ ਲਾਹਾ ਲਿਆ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਚਮਕੌਰ ਸਿੰਘ ਖੇਤਰ ਪ੍ਰਧਾਨ ਨੇ ਆਏ ਹੋਏ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।