ਨੇਤਾਵਾਂ ਅਤੇ ਵਰਕਰਾਂ ਨੂੰ ਚੋਣਾਂ ਤੋਂ ਪਹਿਲਾਂ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣਾ ਦੀ ਲੋੜ - ਸੁਨੀਲ ਜਾਖੜ
- ਸੁਨੀਲ ਜਾਖੜ ਨੇ ਭਾਜਪਾ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ
ਰੋਹਿਤ ਗੁਪਤਾ
ਗੁਰਦਾਸਪੁਰ 2 ਮਈ 2024: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਦੇ ਆਗੂਆਂ ਨਾਲ ਚੋਣ ਰਣਨੀਤੀ ਸਾਂਝੀ ਕੀਤੀ। ਇਸ ਦੌਰਾਨ ਸੁਨੀਲ ਜਾਖੜ ਨੇ ਪਾਰਟੀ ਆਗੂਆਂ ਨੂੰ ਜਿੱਤ ਦਾ ਮੰਤਰ ਦਿੰਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਆਗੂਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣਾ ਚਾਹੀਦਾ ਹੈ। ਉਹਨਾਂ ਕਾਰਜਕਰਤਾਵਾਂ ਨੂੰ ਕਿਹਾ ਕਿ ਮੋਦੀ ਸਰਕਾਰ ਦੇ ਉਹ ਕੰਮ ਵੀ ਲੋਕਾਂ ਨਾਲ ਸਾਂਝੇ ਕਰੋ, ਜੋ ਵੋਟਾਂ ਦੀ ਰਾਜਨੀਤੀ ਕਰਕੇ ਪਿਛਲੀਆਂ ਸਰਕਾਰਾਂ ਨੇ ਬੰਦ ਕਰ ਦਿੱਤੇ ਸਨ।
ਲੋਕ ਨਸ਼ਿਆਂ ਅਤੇ ਵਿਗੜ ਰਹੀ ਅਮਨ-ਕਾਨੂੰਨ ਤੋਂ ਪ੍ਰੇਸ਼ਾਨ- ਵਿਜੇ ਰੁਪਾਨੀ
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਨਸ਼ਿਆਂ ਅਤੇ ਵਿਗੜਦੀ ਕਾਨੂੰਨ ਵਿਵਸਥਾ ਤੋਂ ਬੇਹੱਦ ਪ੍ਰੇਸ਼ਾਨ ਹਨ। ਲੋਕ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਤੋਂ ਤੰਗ ਆ ਚੁੱਕੇ ਹਨ ਅਤੇ ਭਾਜਪਾ ਨੂੰ ਬਦਲ ਵਜੋਂ ਦੇਖ ਰਹੇ ਹਨ।
ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਚੋਣ ਪ੍ਰਚਾਰ ਸਬੰਧੀ ਸਾਰੀ ਜਾਣਕਾਰੀ ਦਿੱਤੀ ਅਤੇ ਸੀਨੀਅਰ ਆਗੂਆਂ ਨੂੰ ਚੋਣ ਜਿੱਤਣ ਦਾ ਭਰੋਸਾ ਵੀ ਦਿੱਤਾ।
ਗੁਰਦਾਸਪੁਰ ਲੋਕ ਸਭਾ ਹਲਕੇ ਦੇ ਕਨਵੀਨਰ ਅਸ਼ਵਨੀ ਸ਼ਰਮਾ, ਕੋ-ਕਨਵੀਨਰ ਅਸ਼ਵਨੀ ਸੇਖੜੀ, ਫਤਿਹ ਜੰਗ ਬਾਜਵਾ ਤੇ ਰਾਕੇਸ਼ ਸ਼ਰਮਾ, ਭੋਆ ਦੀ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਅਤੇ ਰੇਣੂ ਕਸ਼ਯਪ ਨੇ ਵੀ ਚੋਣ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੂਬਾ ਪ੍ਰਧਾਨ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਆਪਣੇ ਤਜ਼ਰਬੇ ਅਤੇ ਸੁਝਾਅ ਵੀ ਸਾਂਝੇ ਕੀਤੇ।
ਇਸ ਬੈਠਕ 'ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਸਕੱਤਰ ਨਰਿੰਦਰ ਰਾਣਾ, ਸੂਬਾ ਜਨਰਲ ਸਕੱਤਰ ਸੰਗਠਨ ਮੰਥਾਰੀ ਸ਼੍ਰੀਨਿਵਾਸਲੁ, ਜੰਮੂ-ਪੁੰਛ ਦੇ ਸੰਸਦ ਮੈਂਬਰ ਜੁਗਲ ਕਿਸ਼ੋਰ ਸ਼ਰਮਾ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌੜ ਅਤੇ ਸੂਬਾ ਸਕੱਤਰ ਸੂਰਜ ਸ਼ਰਮਾ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਪਠਾਨਕੋਟ ਜਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਬਟਾਲਾ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਅਤੇ ਗੁਰਦਾਸਪੁਰ ਜਿਲ੍ਹਾ ਪ੍ਰਧਾਨ ਸ਼ਿਵਬੀਰ ਰਾਜਨ ਸਮੇਤ ਚੋਣ ਮੈਨੇਜਮੈਂਟ ਕਮੇਟੀ ਦੇ ਵੱਖ-ਵੱਖ ਵਿਭਾਗਾਂ ਦੇ 39 ਮੰਡਲ ਪ੍ਰਧਾਨ, ਮੰਡਲ ਇੰਚਾਰਜ ਅਤੇ ਇੰਚਾਰਜ ਵੀ ਹਾਜ਼ਰ ਸਨ।