ਝੋਨੇ ਦੀ ਰੁਕੀ ਅਦਾਇਗੀ ਨੂੰ ਲੈ ਕੇ 3 ਮਈ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਣਗੇ ਕਿਸਾਨ
- ਮੀਟਿੰਗ ਦੌਰਾਨ ਲਾਹੇਵੰਦ ਸਿਟਾ ਨਾ ਨਿਕਲਣ ਤੇ ਜੱਥੇਬੰਦੀ ਵੱਲੋਂ ਸਖ਼ਤ ਰੁਖ਼ ਅਖ਼ਤਿਆਰ ਕਰਨ ਦੀ ਚੇਤਾਵਨੀ
ਰੋਹਿਤ ਗੁਪਤਾ
ਗੁਰਦਾਸਪੁਰ 2 ਮਈ 2024 - ਕਿਸਾਨਾਂ ਮਜ਼ਦੂਰਾਂ ਅਤੇ ਆੜਤੀਆਂ ਦੇ ਝੋਨੇ ਦੇ ਰੁਕੇ ਪੈਸਿਆਂ ਦੀ ਅਦਾਇਗੀ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਧਰਨਾ 38ਵੇਂ ਦਿਨ ਲਗਾਤਾਰ ਜਾਰੀ ਰਿਹਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਤਬੀਰ ਸਿੰਘ ਸੁਲਤਾਨੀ,ਤਰਲੋਕ ਸਿੰਘ ਬਹਿਰਾਮਪੁਰ ਅਤੇ ਪਲਵਿੰਦਰ ਸਿੰਘ ਕਿਲ੍ਹਾ ਨੱਥੁ ਸਿੰਘ ਨੇ ਕਿਹਾ ਕਿ ਸਾਲ 2021-22 ਵਿੱਚ ਕਲਾਨੌਰ ਦੀਆਂ ਬੁੱਚੇ ਨੰਗਲ ਤੇ ਬਾਂਗੋਵਾਣੀ ਦੀਆਂ ਮੰਡੀਆਂ ਚੋਂ ਪਨਸਪ ਵੱਲੋਂ ਝੋਨੇ ਦੀ ਖਰੀਦ ਕੀਤੀ ਸੀ ਪਰ ਸੈਲਰ ਵਿੱਚ ਪਨਸਪ ਵੱਲੋਂ ਕੀਤੀ ਚੈਕਿੰਗ ਦੌਰਾਨ ਡੀ ਐਮ ਵੱਲੋਂ 2 ਲੱਖ 6 ਹਜਾਰ ਦੀ ਖਰੀਦ ਚੋਂ ਸਿਰਫ ਇਕ ਲੱਖ 10 ਹਜ਼ਾਰ ਬੋਰੀਆਂ ਬਰਾਮਦ ਹੋਈਆਂ ਅਤੇ 96 ਹਜ਼ਾਰ ਬੋਰੀਆਂ ਦਾ ਗਬਨ ਐਲਾਨਿਆ ਗਿਆ ਸੀ।
ਇਸ ਗਬਨ ਖਿਲਾਫ ਡੀ ਐਮ ਵੱਲੋਂ ਆੜਤੀਆਂ ਸਮੇਤ ਦੋ ਪਨਸਪ ਇੰਸਪੈਕਟਰ ,ਪੱਲੇਦਾਰ ਤੇ ਟਰਾਂਸਪੋਰਟਰਾਂ ਉੱਪਰ ਪਰਚਾ ਦਰਜ ਕੀਤਾ ਗਿਆ ਸੀ ਜਿਸ ਉਪ੍ਰਾਂਤ ਨਾਮਜਦ ਆੜਤੀਆਂ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਕਾਰਵਾਈ ਜਾਂਚ ਵਿੱਚ ਦੋਨੋਂ ਆੜਤੀਏ ਇੰਸਪੈਕਟਰ ਤੇ ਟਰਾਂਸਪੋਰਟਰ ਸਮੇਤ ਚਾਰ ਵਿਅਕਤੀਆਂ ਨੂੰ ਜਾਂਚ ਚੋਂ ਨਿਰਦੋਸ਼ ਕਰਾਰ ਦਿੱਤਾ ਗਿਆ ਸੀ।ਉਨਾਂ ਕਿਹਾ ਕਿ ਜਦੋਂ ਕਿਸਾਨਾਂ ਤੇ ਆੜਤੀਆਂ ਵੱਲੋਂ ਉਪਰੋਕਤ ਦੋਹਾਂ ਸਾਲਾਂ ਦੇ 86 ਲੱਖ ਦੀ ਅਦਾਇਗੀ ਰੋਕਣ ਦਾ ਕਾਰਨ ਪੁੱਛਿਆ ਤਾਂ ਪਨਸਪ ਵੱਲੋਂ ਕੇਸ ਦਾ ਹਵਾਲਾ ਦਿੱਤਾ ਗਿਆ ।ਐਮਡੀ ਪਨਸਪ ਵੱਲੋਂ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਪੈਸਿਆਂ ਨੂੰ ਰੋਕਿਆ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਮਜ਼ਦੂਰਾਂ ਅਤੇ ਆੜਤੀਆਂ ਨੂੰ ਉਹਨਾਂ ਦੇ ਪੈਸੇ ਨਹੀਂ ਮਿਲ ਰਹੇ। ਇਨ੍ਹਾਂ ਵਿੱਚ ਭਾਰੀ ਰੋਸ ਹੋਣ ਕਰਕੇ ਧਰਨਾ ਲਗਾਤਾਰ ਚੱਲ ਰਿਹਾ ਹੈ।
ਇਸ ਮੌਕੇ ਸੁਖਵਿੰਦਰ ਸਿੰਘ ਕਲਾਨੌਰ ਸਲਵਿੰਦਰ ਸਿੰਘ ਤਾਜ ਨਿਹੰਗ ਸਿੰਘ, ਮਨਦੀਪ ਸਿੰਘ ਕੈਲੈਕਲਾਂ, ਸਤਨਾਮ ਸਿੰਘ, ਮਲਕੀਅਤ ਸਿੰਘ, ਦਵਿੰਦਰ ਸਿੰਘ ਮਰੜ, ਅਸ਼ੋਕ ਸਿੰਘ,ਰੇਸ਼ਮ ਸਿੰਘ ਅਤੇ ਸੁਖਦੇਵ ਰਾਜ ਬਹਿਰਾਮਪੁਰ ਨੇ ਵੀ ਸੰਬੋਧਨ ਕੀਤਾ।