ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸੈਂਟਰ ਹੈੱਡਜ਼ ਨਾਲ ਮਿਸ਼ਨ ਸਮਰੱਥ ਤਹਿਤ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਅਪ੍ਰੈਲ 2024 - ਸਰਕਾਰੀ ਸਕੂਲਾਂ ਅੰਦਰ ਚੱਲ ਰਹੇ ਮਿਸ਼ਨ ਸਮਰੱਥ ਪ੍ਰੋਜੈਕਟ ਨੂੰ ਜ਼ਿਲ੍ਹੇ ਅੰਦਰ ਹੋਰ ਪ੍ਰਭਾਵਸ਼ਾਲੀ ਅਤੇ ਸਾਰਥਿਕ ਬਨਾਉਣ ਲਈ ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ),ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਜ਼,ਬੀ ਐਨ ਓਜ਼ ਅਤੇ ਸੈਂਟਰ ਹੈੱਡ ਟੀਚਰਜ਼ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਵਿਖੇ ਮੀਟਿੰਗ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮਿਆਰੀ ਅਤੇ ਉਸ ਦੇ ਲੇਬਲ ਅਨੁਸਾਰ ਸਿੱਖਿਆ ਦੇਣੀ ਸਾਡਾ ਸਭ ਤੋਂ ਪਹਿਲਾਂ ਕੰਮ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਅਸੀਂ ਬੱਚੇ ਦੀ ਉਸ ਦੇ ਪੱਧਰ ਅਨੁਸਾਰ ਪਹਿਚਾਣ ਕਰਕੇ ਉਸ ਨੂੰ ਸਿੱਖਿਅਤ ਕਰਕੇ ਸਿਲੇਬਸ ਨਾਲ ਜੋੜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਬਸਤੇ ਦੇ ਬੋਝ ਨੂੰ ਘੱਟ ਕਰਨ ਅਤੇ ਸਕੂਲੀ ਸਿੱਖਿਆ ਨੂੰ ਰੋਚਕ ਬਨਾਉਣ ਹਿੱਤ ਕਿਰਿਆਵਾਂ ਰਾਂਹੀ ਸਿੱਖਿਆ ਪ੍ਰਦਾਨ ਕਰਵਾਈ ਜਾ ਰਹੀ ਹੈ।
ਉਨ੍ਹਾਂ ਸੈਂਟਰ ਹੈੱਡਜ਼ ਨੂੰ ਸਖ਼ਤ ਹਦਾਇਤ ਕੀਤੀ ਕਿ ਉਨ੍ਹਾਂ ਅਧੀਨ ਆਉਦੇ ਸਕੂਲਾਂ ਵਿੱਚ ਬੱਚਿਆਂ ਦੇ ਸਕੂਲ ਪੱਧਰ ਅਨੁਸਾਰ ਗਰੁੱਪਿੰਗ ਕੀਤੀ ਜਾਵੇ ਅਤੇ ਬੱਚਿਆਂ ਨੂੰ ਪਹਿਲੇ ਤਿੰਨ ਘੰਟੇ ਮਿਸ਼ਨ ਸਮਰੱਥ ਤਹਿਤ ਗਤੀਵਿਧੀਆਂ ਕਰਵਾਈਆਂ ਜਾਣ। ਇਸ ਤੋਂ ਇਲਾਵਾ ਬੇਸ ਲਾਈਨ ਅਤੇ ਅੰਤਿਮ ਜਾਂਚ ਦਾ ਨਤੀਜਾ ਅਧਿਆਪਕ ਅਤੇ ਸਕੂਲ ਇੰਚਾਰਜ਼ ਕੋਲ ਹੋਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕਲਾਸਾਂ ਵਿੱਚ ਬੱਚਿਆਂ ਦੇ ਲੇਬਲ ਅਨੁਸਾਰ ਚਾਰਟ ਅਤੇ ਸਮਾਂ ਸਾਰਣੀ ਤੋਂ ਇਲਾਵਾ ਟੀਚਿਆਂ ਦੇ ਚਾਰਟ ਲੱਗੇ ਹੋਣੇ ਜ਼ਰੂਰੀ ਹਨ। ਉਨ੍ਹਾਂ ਸਮੂਹ ਬੀ ਐਨ ਓਜ਼ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਤਿੰਨ ਤੋਂ ਚਾਰ ਸਕੂਲ ਵਿਜ਼ਟ ਕਰਨ ਅਤੇ ਉਸ ਦੀ ਰਿਪੋਰਟ ਆਪਣੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ ਭੇਜਣੀ ਯਕੀਨੀ ਬਨਾਉਣ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਮਿਡ ਡੇ ਮੀਲ ਰੋਜਾਨਾ ਮੀਨੂੰ ਅਨੁਸਾਰ ਪੋਸਟਿਕ ਬਣਾਇਆ । ਖਾਣਾ ਤਿਆਰ ਕਰਨ ਸਮੇਂ ਕੁੱਕ ਕਮ ਹੈਲਪਰ ਨੇ ਦਸਤਾਨੇ,ਟੋਪੀ ਅਤੇ ਐਪਰਨ ਪਹਿਨਿਆ ਹੋਵੇ।
ਖਾਣਾ ਤਿਆਰ ਕਰਨ ਅਤੇ ਪਰੋਸਣ ਵਾਲੀ ਥਾਂ ਸਾਫ਼ ਸੁਥਰੀ ਹੋਵੇ। ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਪਖਾਨਿਆਂ ਅਤੇ ਸਕੂਲ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਅਚਨਚੇਤੀ ਵਿਜ਼ਟ ਦੁਰਾਨ ਜੇਕਰ ਕਿਸੇ ਸਕੂਲ ਵਿੱਚ ਕਮੀਆਂ ਪਾਈਆਂ ਗਈਆਂ ਤਾਂ ਸੰਬੰਧਿਤ ਸੈਂਟਰ ਹੈੱਡ ਟੀਚਰਜ਼ ਨੂੰ ਵੀ ਤਲਬ ਕੀਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਜਾਡਲਾ,ਚਰਾਣ,ਮੁਜੱਫ਼ਰਪੁਰ ਅਤੇ ਸ਼ਾਹਪੁਰ ਪੱਟੀ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੁਰਾਨ ਸਕੂਲਾਂ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਮੌਕੇ ਉਤੇ ਹੱਲ ਕਰਵਾਇਆ ਗਿਆ। ਮੀਟਿੰਗ ਵਿੱਚ ਗੁਰਪਾਲ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਔੜ,ਸਤਨਾਮ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਮਿਸ਼ਨ ਸਮਰੱਥ,ਜਗਦੀਸ਼ ਰਾਏ ਜ਼ਿਲ੍ਹਾ ਐਮ ਆਈ ਐਸ, ਗੁਰਦਿਆਲ ਮਾਨ ਜ਼ਿਲ੍ਹਾ ਨੋਡਲ ਏਕ ਭਾਰਤ ਸ਼ੇਸ਼ਠ ਭਾਰਤ ਵੀ ਮੌਜੂਦ ਸਨ।