ਸਕੂਲ ਫਾਰ ਬਲਾਇੰਡ ਮਲੇਰਕੋਟਲਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂ
- ਬੀਤੇ ਤਿੰਨ ਸਾਲਾਂ ਦੌਰਾਨ ਸਕੂਲ ਵਿੱਚ ਹਰ ਪੱਖ ਤੋਂ ਬਹੁਤ ਸੁਧਾਰ ਹੋਇਆ ਹੈ-ਉਸਮਾਨ ਸਿੱਦੀਕੀ /ਰਾਸ਼ਿਦ ਸ਼ੇਖ
- ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਕਿ ਸਕੂਲ ਯੋਗ ਅਗਵਾਈ ਵਿੱਚ ਸਹੀ ਦਿਸ਼ਾ ਵੱਲ-- ਅਬਦੁਲ ਗਫਾਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 19 ਅਪ੍ਰੈਲ 2024 - ਸਕੂਲ ਫਾਰ ਬਲਾਇੰਡ ਮਲੇਰਕੋਟਲਾ ਵਿੱਚ ਅੱਜ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂ ਗਈਆਂ l ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਫਾਰ ਬਲਾਇੰਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਉਸਮਾਨ ਸਿੱਦੀਕੀ ਅਤੇ ਐਕਟਿਵ ਮੈਂਬਰ ਰਾਸ਼ਿਦ ਸ਼ੇਖ ਨੇ ਦੱਸਿਆ ਕਿ ਬੀਤੇ ਤਿੰਨ ਸਾਲਾਂ ਦੌਰਾਨ ਸਕੂਲ ਵਿੱਚ ਹਰ ਪੱਖ ਤੋਂ ਬਹੁਤ ਸੁਧਾਰ ਹੋਇਆ ਹੈ l ਇਥੋਂ ਦੇ ਵਿਦਿਆਰਥੀਆਂ ਦਾ ਵਿਦਿਅਕ ਮਿਆਰ ਬਹੁਤ ਬੁਲੰਦ ਹੋਇਆ ਹੈ l ਹਰ ਸਾਲ ਸਕੂਲ ਫਾਰ ਬਲਾਇੰਡ ਦੇ ਵਿਦਿਆਰਥੀ ਬਹੁਤ ਹੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋ ਰਹੇ ਹਨ l
ਵਿਦਿਅਕ ਖੇਤਰ ਤੋਂ ਇਲਾਵਾ ਸੱਭਿਆਚਾਰਕ, ਸੰਗੀਤ ਅਤੇ ਹੋਰ ਸਹਾਇਕ ਗਤੀਵਿਧੀਆਂ ਵਿੱਚ ਇਹਨਾਂ ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਇਸ ਸਕੂਲ ਦਾ ਨਾਮ ਚਮਕਾਇਆ ਹੈl ਸ੍ਰੀ ਸਿੱਦੀਕੀ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਪਿਛਲੇ ਸਾਲਾਂ ਦੌਰਾਨ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਵੱਖ ਵੱਖ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ l ਜਿਸ ਨਾਲ ਇਹਨਾਂ ਵਿਦਿਆਰਥੀਆਂ ਦਾ ਆਪਣਾ ਜੀਵਨ ਵੀ ਸੁਖਾਲਾ ਹੋਇਆ ਹੈ l
ਉਹਨਾਂ ਵਿਸ਼ਵਾਸ ਦਿਲਾਇਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ l ਸਕੂਲ ਦੀ ਬੇਹਤਰੀ ਦੇ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ ਬੀਤੇ ਸਾਲਾਂ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਯਤਨਸ਼ੀਲ ਰਹੇਗੀ lਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਸ੍ਰੀ ਅਬਦੁਲ ਗੱਫਾਰ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਕੂਲ ਯੋਗ ਅਗਵਾਈ ਵਿੱਚ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਵੱਲ ਵੱਧ ਰਿਹਾ ਹੈ l ਇਸ ਮੌਕੇ ਤੇ ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਸ੍ਰੀ ਅਬਦੁਲ ਗੱਫਾਰ ,ਪ੍ਰਬੰਧਕੀ ਕਮੇਟੀ ਦੇ ਮੈਂਬਰ ਸ੍ਰੀ ਨਿਸਾਰ ਅਹਿਮਦ ਥਿੰਦ, ਸ੍ਰੀ ਮੁਹੰਮਦ ਜਮੀਲ ,ਸ੍ਰੀ ਜਗਤ ਸਿੰਘ ਠਾਕੁਰ, ਪ੍ਰਿੰਸੀਪਲ ਸ੍ਰੀ ਸੁਨੀਲ ਕੁਮਾਰ, ਮੁਹੰਮਦ ਨਸੀਮ ਕੌਂਸਲਰ ਅਤੇ ਰੋਟੇਰੀਅਨ ਸ਼੍ਰੀ ਤਾਹਿਰ ਰਾਣਾ ਵੀ ਹਾਜ਼ਰ ਸਨ l