ਸ਼੍ਰੀ ਹਨੁਮਾਨ ਜਨਮ ਉਤਸਵ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਹੋਈਆਂ ਮੁਕੰਮਲ
ਅਗਲੇ ਸਾਲ ਸਾਂਝੇ ਤੌਰ ਤੇ ਮਨਾਵਾਂਗੇ ਸ਼੍ਰੀ ਹਨੁਮਾਨ ਜਨਮ ਉਤਸਵ_ ਪਵਨ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ ,18 ਅਪ੍ਰੈਲ 2024 : ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸ਼ਹਿਰ ਵਿੱਚ 23 ਜਨਵਰੀ ਨੂੰ ਕ੍ਰਿਸ਼ਨਾ ਮੰਦਰ, ਮੰਡੀ ਗੁਰਦਾਸਪੁਰ ਤੋਂ ਸ਼ਾਂਮ 3 ਵਜੇ ਸਜਾਈ ਜਾ ਰਹੀ ਸ਼੍ਰੀ ਹਨੁਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ ਦੀਆਂ ਤਮਾਮ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ। ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਚੇਅਰਮੈਨ ਰਵੀ ਮਹਾਜਨ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦੀ ਇੱਕ ਬੈਠਕ ਹਨੂਮਾਨ ਚੌਂਕ ਵਿਖੇ ਕੀਤੀ ਗਈ ਜਿਸ ਵਿੱਚ ਸ਼ੋਭਾ ਯਾਤਰਾ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਸੰਸਥਾਵਾਂ ਦੇ ਆਗੂਆਂ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਉਹਨਾ ਦੇ ਸੁਝਾਅ ਵੀ ਲਏ ਗਏ।
ਸ਼੍ਰੀ ਸਨਾਤਨ ਜਾਗਰਨ ਮੰਚ ਦੇ ਆਗੂਆਂ ਨੇ ਦੱਸਿਆ ਕਿ ਬੈਠਕ ਵਿੱਚ ਸ਼ਿਵ ਭੂਮੀ ਸੰਗਲਪੁਰਾ ਰੋਡ,ਵਿਸ਼ਵ ਹਿੰਦੂ ਪਰਿਸ਼ਦ, ਸਾਈ ਪਰਿਵਾਰ, ਸ਼੍ਰੀ ਗੁਰੂ ਨਾਭਾ ਦਾ ਸੇਵਾ ਸੰਮਤੀ, ਸੇਵਾ ਭਾਰਤੀ ਅਤੇ ਸ਼ਹਿਰ ਦੀਆਂ ਹੋਰ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। ਸ਼ੋਭਾ ਯਾਤਰਾ ਦੇ ਸਮਾਪਨ ਤੋਂ ਬਾਅਦ ਸ਼ਰਧਾਲੂਆਂ ਲਈ ਵਰਤਾਏ ਜਾਣ ਵਾਲੇ ਲੰਗਰ ਦੀ ਜਿੰਮੇਵਾਰੀ ਸਾਈ ਪਰਿਵਾਰ ਵੱਲੋਂ ਚੁੱਕੀ ਗਈ ਹੈ ਜਦਕਿ ਬਾਕੀ ਸੰਸਥਾਵਾਂ ਵੱਲੋਂ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੋਭਾ ਯਾਤਰਾ ਦੇ ਸਵਾਗਤ, ਫੁੱਲਾਂ ਦੀ ਵਰਖਾ ਤੇ ਸ਼ਰਧਾਲੂਆਂ ਦੇ ਖਾਨ ਪਾਨ ਅਤੇ ਪਾਣੀ ਦੀ ਵਿਵਸਥਾ ਕਰਨ ਦੀ ਜਿੰਮੇਵਾਰੀ ਚੁੱਕੀ ਗਈ ਹੈ।
ਪਵਨ ਸ਼ਰਮਾ ਅਤੇ ਰਵੀ ਮਹਾਜਨ ਨੇ ਦੱਸਿਆ ਕਿ ਸ਼੍ਰੀ ਹਨੁਮਾਨ ਜੀ ਦੀ ਫੁੱਲਾਂ ਨਾਲ ਸ਼ਿੰਗਾਰੀ ਗਈ ਵੱਡੀ ਪਾਲਕੀ ਸ਼ੋਭਾ ਯਾਤਰਾ ਦਾ ਇੱਕ ਵੱਡਾ ਆਕਰਸ਼ਨ ਹੋਵੇਗੀ। ਇਸ ਤੋਂ ਇਲਾਵਾ ਦੁਰਗਿਆਣਾ ਮੰਦਰ ਤੀਰਥ ਤੋਂ ਖਾਸ ਤੌਰ ਤੇ ਆ ਰਹੀਆਂ ਗਤਕਾ ਪਾਰਟੀਆਂ ਵੀ ਯਾਤਰਾ ਨੂੰ ਆਕਰਸ਼ਕ ਬਣਾਉਣਗੀਆਂ। ਉਹਨਾਂ ਕਿਹਾ ਕਿ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਸੰਗਤ ਦਾ ਉਤਸਾਹ ਹੁੰਦਾ ਹੈ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਵਿੱਚ ਯਾਤਰਾ ਪ੍ਰਤੀ ਵਿਸ਼ੇਸ਼ ਉਤਸਾਹ ਦੇਖਿਆ ਜਾ ਰਿਹਾ ਹੈ। ਇਸ ਲਈ ਸ਼ੋਭਾ ਯਾਤਰਾ ਵਿੱਚ ਸ਼ਰਧਾਲੂਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲੇਗਾ।
ਇਹ ਪੁੱਛੇ ਜਾਣ ਤੇ ਕਿ ਸ਼ਹਿਰ ਵਿੱਚ ਸ਼੍ਰੀ ਹਨੂੰਮਾਨ ਜਨਮ ਉਤਸਵ ਤੇ 2 ਯਾਤਰਾ ਕਿਉਂ ਸਜ਼ਾਈਆਂ ਜਾ ਰਹੀਆਂ ਹਨ? ਦਾ ਉੱਤਰ ਦਿੰਦਿਆ ਪਵਨ ਸ਼ਰਮਾ ਨੇ ਕਿਹਾ ਕਿ ਦੋਹਾਂ ਸ਼ੋਭਾ ਯਾਤਰਾਵਾਂ ਦੇ ਆਯੋਜਕਾਂ ਵੱਲੋਂ ਆਪਣੇ ਆਪਣੇ ਤੌਰ ਤੇ ਸ਼ੋਭਾ ਯਾਤਰਾ ਦੀ ਤਿਆਰੀ ਮੁਕੰਮਲ ਕਰ ਲਈ ਗਈ ਸੀ ਪਰ ਅਗਲੀ ਵਾਰ ਤੋਂ ਸ਼ਹਿਰ ਵਿੱਚ ਸ਼੍ਰੀ ਹਨੁਮਾਨ ਜਨਮ ਉਤਸਵ ਸਾਂਝੇ ਤੌਰ ਤੇ ਮਨਾਇਆ ਜਾਏਗਾ। ਉਹਨਾਂ ਕਿਹਾ ਕਿ ਅਗਲੇ ਸਾਲ ਤੋਂ ਸਿਰਫ ਇੱਕ ਸ਼ੋਭਾ ਯਾਤਰਾ ਸ਼੍ਰੀ ਹਨੂੰਮਾਨ ਮੰਦਰ ਦੇ ਪੁਜਾਰੀ ਪੰਡਿਤ ਵਿਸ਼ਨੂੰ ਸ਼ਰਮਾ ਦੀ ਅਗਵਾਈ ਹੇਠ ਹੀ ਸਜਾਈ ਜਾਵੇਗੀ। ਸ਼੍ਰੀ ਸਨਾਤਨ ਜਾਗਰਨ ਮੰਚ ਅਗਲੇ ਸਾਲ ਸ਼੍ਰੀ ਹਨੂੰਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ ਵਿੱਚ ਉਹਨਾਂ ਦਾ ਪੂਰਾ ਪੂਰਾ ਸਹਿਯੋਗ ਕਰੇਗਾ।
ਇਸ ਮੌਕੇ ਅਨੁਪਮ ਡੋਗਰਾ, ਨਵੀਨ ਕੁਮਾਰ ਨੰਨਾ, ਦਲਜੀਤ ਕੁਮਾਰ, ਮਨਦੀਪ ਸ਼ਰਮਾ ਰਿੰਕੂ, ਮਨੋਜ ਰੈਣਾ, ਕਾਲਾ ਕਰਾਲ, ਭਾਰਤ ਭੂਸ਼ਣ ਗੋਗਾ, ਸੁਮਿਤ ਭਾਰਦਵਾਜ, ਪ੍ਰਦੀਪ ਮਹਾਜਨ, ਨੀਲਮ ਪੂਰੋਵਾਲ, ਮਮਤਾ ਗੋਇਲ, ਦੀਕਸ਼ਾ ਮਹਿਰਾ, ਸਾਹਿਬ ਕੋਰ ਆਦਿ ਵੀ ਹਾਜ਼ਰ ਸਨ।