ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਕੋਈ ਮਾਨਸਿਕ ਤਣਾਅ ਨਹੀਂ ਹੁੰਦਾ : ਡਾ ਕਿਰਨਦੀਪ ਕੌਰ
ਦੀਪਕ ਗਰਗ
ਫਰੀਦਕੋਟ, 30 ਅਪ੍ਰੈਲ 2024 - ਡਾਇਟ ਫਰੀਦਕੋਟ ਦੀ ਪਿ੍ਰੰਸੀਪਲ ਮੈਡਮ ਡਾ ਕਿਰਨਦੀਪ ਕੋਰ ਨੇ ਪਿਛਲੇ ਕੁਝ ਦਿਨਾ ਤੋਂ ਮੀਡੀਏ ਵਿੱਚ ਆ ਰਹੀਆਂ ਖਬਰਾਂ ਸਬੰਧੀ ਆਪਣਾ ਪੱਖ ਸਪੱਸ਼ਟ ਕਰਦਿਆਂ ਦੱਸਿਆ ਕਿ ਸਰਕਾਰ ਨੇ ਉਹਨਾ ਦੀ ਬਦਲੀ ਇੱਥੋਂ ਕਰ ਦਿੱਤੀ ਸੀ ਅਤੇ ਅਦਾਲਤ ਦੇ ਦਖਲ ਤੋਂ ਬਾਅਦ ਸਰਕਾਰ ਨੇ ਊਹਨਾ ਨੂੰ ਦੁਬਾਰਾ ਫਿਰ ਇੱਥੇ ਤੈਨਾਤ ਕਰ ਦਿੱਤਾ। ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਉਹਨਾ ਦੀ ਸੋਚ ਹਮੇਸ਼ਾਂ ਇਹੀ ਰਹੀ ਹੈ ਕਿ ਉਹ ਸਰਕਾਰੀ ਨਿਯਮਾ ਮੁਤਾਬਿਕ ਹਰ ਇਕ ਸਟਾਫ ਮੈਂਬਰ ਦਿੱਤੀ ਜਿੰਮੇਵਾਰੀ ਮੁਤਾਬਿਕ ਕੰਮ ਕਰੇ ਤਾਂ ਕਿਸੇ ਵੀ ਤਰਾਂ ਦੀ ਸ਼ਿਕਾਇਤ ਨਹੀਂ ਰਹਿ ਜਾਂਦੀ।
ਉਨ੍ਹਾਂ ਦੱਸਿਆ ਕਿ ਡਾਇਟ ਦਾ ਸਮਾਂ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਹੈ, ਇਸ ਸਮੇਂ ਦੌਰਾਨ ਸਟਾਫ ਦਾ ਸੰਸਥਾ ਵਿੱਚ ਰਹਿਣਾ ਜਰੂਰੀ ਹੁੰਦਾ ਹੈ, ਇਸ ਨੂੰ ਮੁਲਾਜਮ ਮਾਨਸਿਕ ਤਣਾਅ ਦਾ ਨਾਮ ਦੇ ਰਹੇ ਹਨ। ਉਹਨਾ ਦੱਸਿਆ ਕਿ ਡਾਇਟ ਵਿੱਚ ਬਹੁਤ ਹੀ ਤਜਰਬੇਕਾਰ ਸਟਾਫ ਹੁੰਦਾ ਹੈ, ਜਿਸ ਨੂੰ ਟੀਚਰ ਟੇ੍ਰਨਿੰਗ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਸਿੱਖਿਆ ਸਬੰਧੀ ਜਾਣਕਾਰੀ ਹੁੰਦੀ ਹੈ। ਉਹਨਾਂ ਆਖਿਆ ਕਿ ਕੰਮ ਕਰਨ ਨਾਲ ਸਟਾਫ ਨੂੰ ਕਦੇ ਵੀ ਮਾਨਸਿਕ ਤਣਾਅ ਪੈਦਾ ਨਹੀਂ ਹੋ ਸਕਦਾ, ਸਟਾਫ ਦੀਆਂ ਅਜਿਹੀਆਂ ਗੱਲਾਂ ਠੀਕ ਨਹੀਂ ਹਨ। ਸਰਕਾਰ ਨੇ ਉਹਨਾ ਨੂੰ ਇਸ ਸੰਸਥਾ ਵਿੱਚ ਰੱਖਿਆ ਹੈ, ਜਿਸ ਕਰਕੇ ਸਟਾਫ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰੇ।