ਅਨਅਧਿਕਾਰਤ ਕਲੋਨੀਆਂ ਤੇ ਧੜੱਲੇ ਨਾਲ ਚੱਲ ਰਹੀਆਂ ਉਸਾਰੀਆਂ, ਨੋਟਿਸ ਭੇਜਣ ਤੋਂ ਬਾਅਦ ਵੀ ਉਸਾਰੀਆਂ ਜਾਰੀ
- ਨਗਰ ਕੌਂਸਲ ਦੀ ਮਿਲੀ ਭੁਗਤ ਨਾਲ ਲੱਗ ਰਿਹਾ ਸਰਕਾਰ ਨੂੰ ਚੂਨਾ
- ਨਗਰ ਕੌਂਸਲ ਵੱਲੋਂ ਕਈ ਵਾਰ ਨੋਟਿਸ ਭੇਜਣ ਤੋਂ ਬਾਅਦ ਵੀ ਉਸਾਰੀਆਂ ਜਾਰੀ
ਦੀਪਕ ਜੈਨ
ਜਗਰਾਉਂ, 30 ਅਪ੍ਰੈਲ 2024 - ਪੂਰੇ ਪੰਜਾਬ ਵਿੱਚ ਚਰਚਿਤ ਨਗਰ ਕੌਂਸਲ ਜਗਰਾਉਂ ਮੁੜ ਤੋਂ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਜਗਰਾਉਂ ਵਿੱਚ ਇੱਕਾ ਦੁਕਾ ਕਲੋਨੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਅਨਅਧਿਕਾਰਤ ਕਲੋਨੀਆਂ ਦੇ ਮਾਲਕ ਆਪਣੇ ਕਾਲੇ ਕੰਮਾਂ ਨੂੰ ਹਰੇ ਰੰਗ ਦੇ ਨੋਟਾਂ ਦੀ ਛਾਂ ਹੇਠ ਚਿੱਟੇ ਦਿਨ ਅਧਿਕਾਰੀਆਂ ਦੇ ਨਾਲ ਨਾਲ ਆਪਣੀਆਂ ਤਜੋਰੀਆਂ ਨੂੰ ਵੀ ਗੁਲਾਬੀ ਕਰ ਰਹੇ ਹਨ। ਇਹਨਾਂ ਅਨ ਅਧਿਕਾਰਤ ਕਲੋਨੀਆਂ ਤੇ ਅਧਿਕਾਰੀਆਂ ਦੀ ਮਿਹਰਬਾਨੀ ਕਾਰਨ ਜਿੱਥੇ ਆਪਦੀਆਂ ਜੇਬਾਂ ਗਰਮ ਕਰਨ ਦੇ ਨਾਲ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਮੋਟਾ ਚੂਨਾ ਲਾ ਕੇ ਠੰਡਾ ਕਰ ਰਹੇ ਹਨ। ਅੱਜ ਆਪਾਂ ਗੱਲ ਕਰਦੇ ਹਾਂ ਕਾਉਂਕੇ ਰੋਡ, ਭੰਗੜ ਬਾਜ਼ਾਰ ਦੇ ਲਾਗੇ ਬਣੀ ਚੰਡੀਗੜ੍ਹ ਕਲੋਨੀ ਦੇ ਪਿਛਲੇ ਪਾਸੇ ਕੱਟੀ ਹੋਈ ਅਧਿਕਾਰਤ ਕਲੋਨੀ ਦੀ। ਜਿੱਥੇ ਬਿਨਾਂ ਨਕਸ਼ਾ ਪਾਸ ਹੋਏ ਤੋਂ ਉਸਾਰੀਆਂ ਲਗਾਤਾਰ ਜਾਰੀ ਹਨ ਜਿਸ ਦੇ ਬਾਰੇ ਨਗਰ ਕੌਂਸਲ ਭਲੀ ਭਾਂਤ ਜਾਣੂ ਵੀ ਹੈ ਤੇ ਨਗਰ ਕੌਂਸਲ ਵੱਲੋਂ ਕਲੋਨੀ ਵਿੱਚ ਹੋ ਰਹੀ ਉਸਾਰੀ ਤੇ ਕਈ ਵਾਰ ਨੋਟਿਸ ਵੀ ਦਿੱਤਾ ਗਿਆ ਹੈ ਜਿਸ ਦੇ ਬਾਵਜੂਦ ਵੀ ਉੱਥੇ ਹੋ ਰਹੀ ਉਸਾਰੀ ਧੜੱਲੇ ਨਾਲ ਜਾਰੀ ਹੈ।
ਇੱਥੇ ਇਹ ਵੀ ਗੱਲ ਵਰਣਨ ਯੋਗ ਹੈ ਕੀ ਕਿਸੇ ਵੀ ਇਮਾਰਤ ਦੀ ਉਸਾਰੀ ਤੋਂ ਪਹਿਲਾਂ, ਬਣਨ ਵਾਲੀ ਇਮਾਰਤ ਦਾ ਨਗਰ ਕੌਂਸਲ ਤੋਂ ਨਕਸ਼ਾ ਪਾਸ ਕਰਾਉਣਾ ਜਰੂਰੀ ਹੁੰਦਾ ਹੈ, ਬਿਨਾਂ ਨਕਸ਼ੇ ਤੋਂ ਕਿਸੇ ਵੀ ਇਮਾਰਤ ਦੀ ਉਸਾਰੀ ਕਰਨਾ ਗੈਰ ਕਾਨੂੰਨੀ ਹੈ। ਜੇਕਰ ਨਗਰ ਕੌਂਸਲ ਨੇ ਇਮਾਰਤ ਦਾ ਨਕਸ਼ਾ ਪਾਸ ਨਹੀਂ ਕੀਤਾ ਤਾਂ ਚਿੱਟੇ ਦਿਨ ਉਸਾਰੀ ਕਿਸ ਤਰ੍ਹਾਂ ਹੋ ਰਹੀ ਹੈ ਜਾਂ ਫਿਰ ਨਗਰ ਕੌਂਸਲ ਦੇ ਅਧਿਕਾਰੀ ਚਿੱਟੇ ਦਿਨ ਨੂੰ ਅੱਖਾਂ ਬੰਦ ਕਰਕੇ ਕਾਲਾ ਕਰ ਦਿੰਦੇ ਹਨ।
ਕੀ ਕਹਿਣਾ ਹੈ ਨਗਰ ਕੌਂਸਲ ਦੇ ਕਾ: ਪ੍ਰਧਾਨ ਦਾ:-
ਜਦੋਂ ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਜੇਕਰ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਕੀ ਕਹਿਣਾ ਹੈ ਕਾਰਜ ਸਾਦਕ ਅਫਸਰ ਦਾ:-
ਜਦੋਂ ਇਸ ਸਬੰਧ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਕੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੇ ਕਿਤੇ ਨਜਾਇਜ਼ ਉਸਾਰੀ ਹੋ ਰਹੀ ਹੈ ਤਾਂ ਉਸ ਨੂੰ ਹੁਣੇ ਹੀ ਬੰਦ ਕਰਵਾ ਦਿੱਤਾ ਜਾਵੇਗਾ।
ਕੀ ਕਹਿਣਾ ਹੈ ਬਿਲਡਿੰਗ ਇੰਸਪੈਕਟਰ ਦਾ:-
ਜਦੋਂ ਇਸ ਸਬੰਧ ਵਿੱਚ ਬਿਲਡਿੰਗ ਇੰਸਪੈਕਟਰ ਸ਼ਿਖਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚੰਡੀਗੜ੍ਹ ਕਲੋਨੀ ਦੇ ਪਿਛਲੇ ਪਾਸੇ ਹੋ ਰਹੀ ਉਸਾਰੀ ਨੂੰ ਰੋਕਣ ਲਈ ਕਈ ਵਾਰ ਨੋਟਿਸ ਭੇਜਿਆ ਹੈ ਜਿਸ ਸਬੰਧ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।