ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਸਾਰਿਆਂ ਦਾ ਸਹਿਯੋਗ ਜਰੂਰੀ : ਸਪੀਕਰ ਸੰਧਵਾਂ
ਦੀਪਕ ਗਰਗ
ਕੋਟਕਪੂਰਾ, 30 ਅਪ੍ਰੈਲ 2024 :- ਜਦੋਂ ਕਿਸਾਨ-ਮਜਦੂਰ-ਵਪਾਰੀ-ਮੁਲਾਜਮ ਅਤੇ ਹਰ ਵਰਗ ਨਾਲ ਸਬੰਧਤ ਮਰਦ-ਔਰਤਾਂ ਹੱਥੀ ਕਿਰਤ ਕਰਦੀਆਂ ਸਨ ਅਤੇ ਸਖਤ ਮਿਹਨਤ ਨੂੰ ਲੋਕਾਂ ਨੇ ਆਪਣੀ ਜਿੰਦਗੀ ਦਾ ਹਿੱਸਾ ਬਣਾਇਆ ਹੋਇਆ ਸੀ ਤਾਂ ਉਸ ਸਮੇਂ ਬਿਮਾਰੀਆਂ ਬਹੁਤ ਘੱਟ ਸਨ ਪਰ ਅੱਜ ਵਰਤਮਾਨ ਸਮੇਂ ਵਿੱਚ ਜੋ ਲੋਕ ਜਿੰਮ ਜਾਂਦੇ ਹਨ ਜਾਂ ਪਾਰਕ ਵਰਗੀਆਂ ਖੁੱਲੀਆਂ ਥਾਵਾਂ ’ਤੇ ਸੈਰ ਕਰਦਿਆਂ ਕਸਰਤ ਕਰਨ ਨੂੰ ਤਰਜੀਹ ਦਿੰਦੇ ਹਨ, ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਨੇੜਲੇ ਪਿੰਡ ਹਰੀਨੋ ਵਿਖੇ ਨੌਜਵਾਨ ਦਵਿੰਦਰ ਸਿੰਘ ਜੌਂਟੀ ਦੀ ਜਿੰਮ ਵਿੱਚ ਅਚਾਨਕ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪ੍ਰਦੂਸ਼ਿਤ ਵਾਤਾਵਰਣ ਕਾਰਨ ਜਿੱਥੇ ਸੈਰ ਅਤੇ ਕਸਰਤ ਬਹੁਤ ਜਰੂਰੀ ਹੈ, ਉੱਥੇ ਚੰਗੀ ਸਿਹਤ ਲਈ ਹੱਥੀ ਕਿਰਤ ਕਰਨ ਅਤੇ ਜਿੰਮ ਜਾਣਾ ਸਾਰਿਆਂ ਨੂੰ ਨਿੱਤ ਦੇ ਕਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਸਪੀਕਰ ਸੰਧਵਾਂ ਨੇ ਜਿੰਮ ਵਿੱਚ ਕਸਰਤ ਕਰ ਰਹੇ 30 ਦੇ ਕਰੀਬ ਨੋਜਵਾਨਾ ਦੀ ਸੋਚ ਨੂੰ ਸਲਾਮ ਕਰਦਿਆਂ ਆਖਿਆ ਕਿ ਪਿੰਡ ਵਾਸੀਆਂ ਨੂੰ ਉਕਤ ਨੌਜਵਾਨਾ ਦੀ ਸੋਚ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ। ਸਪੀਕਰ ਸੰਧਵਾ ਨੇ ਸਕੂਲ ਜਾਂਦੇ ਬੱਚਿਆਂ ਨਾਲ ਵੀ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਲਈ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਭਾਵੇਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਬਹੁਤ ਫਿਕਰ ਰਹਿੰਦਾ ਹੈ ਪਰ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਸਾਨੂੰ ਜਿੱਥੇ ਬੱਚਿਆਂ ਦੀਆਂ ਆਦਤਾਂ ’ਤੇ ਨਜਰ ਰੱਖਣੀ ਪਵੇਗੀ, ਉੱਥੇ ਬੱਚਿਆਂ ਨੂੰ ਆਪਣਾ ਕੰਮ ਆਪਣੇ ਹੱਥੀ ਕਰਨ ਲਈ ਪੇ੍ਰਰਿਤ ਕਰਨਾ ਪਵੇਗਾ। ਇਸ ਮੌਕੇ ਪਿੰਡ ਦੇ ਉਤਸ਼ਾਹੀ ਨੌਜਵਾਨ ਨਿਰਭੈ ਸਿੰਘ ਸਿੱਧੂ ਸਮੇਤ ਹੋਰ ਵੀ ਪਿੰਡ ਵਾਸੀ ਹਾਜਰ ਸਨ।