ਅਸ਼ੋਕ ਵਰਮਾ
ਚੰਡੀਗੜ, 17 ਸਤੰਬਰ 2020 - ਦੇਸ਼ ਦੇ ਉੱਘੇ ਜਨਤਕ ਆਗੂਆਂ ਤੇ ਬੁੱਧੀਜੀਵੀਆਂ ਖਿਲਾਫ ਮੋਦੀ ਸਰਕਾਰ ਵੱਲੋਂ ਕੀਤੀ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੰਦਿਆਂ ਪੰਜਾਬ ਦੀਆਂ ਅੱਠ ਕਮਿਊਨਿਸਟ ਪਾਰਟੀਆਂ ਅਤੇ ਇਨਕਲਾਬੀ ਜਥੇਬੰਦੀਆਂ ਦੇ ਸਾਂਝੇ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ 28 ਸਤੰਬਰ ਤੋਂ 2 ਅਕਤੂਬਰ ਤੱਕ ਰੋਸ ਹਫਤਾ ਮਨਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਕਾ. ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਫਰੰਟ ਦੇ ਸੂਬਾਈ ਆਗੂਆਂ ਦੀ ਮੀਟਿੰਗ ’ਚ ਲਿਆ ਗਿਆ ਹੈ। ਮੀਟਿੰਗ ‘ਚ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਚੱਲੇ ਸ਼ਾਂਤਮਈ ਸ਼ਹੀਨਬਾਗ ਸੰਘਰਸ਼ ਵਿੱਚ ਭਾਗ ਲੈਣ ਵਾਲੇ ਆਗੂਆਂ ਨੂੰ ਦਿੱਲੀ ਦੰਗਿਆਂ ਦੇ ਦੋਸ਼ ‘ਚ ਸੀਤਾ ਰਾਮ ਯੇਚੁਰੀ, ਯੋਗੇਂਦਰ ਯਾਦਵ, ਪ੍ਰੋ ਅਪੂਰਵਾਨੰਦ, ਜਯੰਤੀ ਘੋਸ਼,ਰਾਹੁਲ ਰੋਏ ਨੂੰ ਨਾਮਜ਼ਦ ਕਰਨ,ਬਿਨਾਂ ਕਿਸੇ ਠੋਸ ਸਬੂਤ ਦੇ ਜੇ.ਐਨ.ਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਤੇ ਇੱਕ ਹੋਰ ਸਾਥੀ ਨੂੰ ਯੂ. ਏ. ਪੀ.ਏ ਜਿਹੇ ਕਾਲੇ ਕਾਨੂੰਨ ਤਹਿਤ ਗਿ੍ਰਫਤਾਰ ਕਰਨ ਦਾ ਸਖਤ ਨੋਟਿਸ ਲਿਆ ਹੈ।
ਫਰੰਟ ਆਗੂਆਂ ਨੇ ਇਨਾਂ ਸਾਰੇ ਵਿਅਕਤੀਆਂ ਸਮੇਤ ਬੀਤੇ ਦੋ ਸਾਲਾਂ ਤੋਂ ਭੀਮਾ ਕੋਰੇ ਗਾਓਂ ਦੇ ‘ਮਨਘੜਤ ਕੇਸ ‘ਚ ਬੰਦ ਬੁੱਧੀਜੀਵੀਆਂ ਖਿਲਾਫ਼ ਪਰਚੇ ਰੱਦ ਕਰਨ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਤੋਂ ਇਲਾਵਾ ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਗਿ੍ਰਫਤਾਰ ਸੰਘਰਸ਼ਸ਼ੀਲ ਕਾਰਕੁੰਨਾਂ, ਵਿਸ਼ੇਸ਼ਕਰ ਦਿੱਲੀ, ਯੂ. ਪੀ , ਜੰਮੂ ਕਸ਼ਮੀਰ ‘ਚ ਜੇਲ ‘ਚ ਬੰਦ ਸਮੂਹ ਸਿਆਸੀ ਵਰਕਰਾਂ ਨੂੰ ਬਿਨਾਂ ਸ਼ਰਤ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਯੋਗੀ ਹਕੂਮਤ ਵੱਲੋਂ ਜਮਹੂਰੀਅਤ ਦੇ ਘਾਣ ਦੀ ਅਗਲੀ ਕੜੀ ‘ਚ ਯੂ.ਪੀ ‘ਚ ਬੇਲਗਾਮ ਸਪੈਸ਼ਲ ਸੁਰੱਖਿਆ ਫੋਰਸ ਬਣਾਉਣ ਦੀ ਸਖਤ ਨਿੰਦਾ ਕੀਤੀ ਹੈ। ਫਰੰਟ ਨੇ ਜਮਹੂਰੀਅਤ ਵਿਰੋਧੀ ਸਾਰੇ ਕਾਲੇ ਕਾਨੂੰਨ ਸਮੇਤ ਯੂ.ਏ.ਪੀ.ਏ , ਪੀ.ਐਸ.ਏ ਰੱਦ ਕਰਨ ਦੀ ਮੰਗ ਕੀਤੀ ਹੈ। ਫਰੰਟ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਨੇ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਤੇ ਸਘੰਰਸ਼ ਸਮੇਂ ਜੋ ਕੇਸ ਪਾਏ ਹਨ ਉਹ ਤੁਰੰਤ ਰੱਦ ਕੀਤੇ ਜਾਣ।
ਇਸੇ ਤਰਾਂ ਹੀ ਸੂਬੇ ਭਰ ‘ਚ ਸਮੇਤ ਹਰਿਆਣਾ ‘ਚ ਖੇਤੀ ਆਰਡੀਨੈਂਸਾਂ, ਬਿਜਲੀ ਸੋਧ ਐਕਟ- 2020 ਖਿਲਾਫ਼ ਉੱਠੀ ਕਿਸਾਨ, ਮਜਦੂਰ ਲਹਿਰ ਦੀ ਮਜਬੂਤੀ ਅਤੇ ਪਸਾਰੇ ਤੇ ਖੁਸ਼ੀ ਜਾਹਰ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਇਸ ਮਕਸਦ ਲਈ ਸੂਬੇ ਭਰ ‘ਚ 28 ਸਤੰਬਰ ( ਸ਼ਹੀਦ ਭਗਤ ਸਿੰਘ ਦੇ ਜਨਮ ਦਿਨ) ਤੋਂ ਲੈ ਕੇ 2 ਅਕਤੂਬਰ ਤਂਕ ਤਹਿਸੀਲ/ ਜਿਲਾ ਪੱਧਰ ਤੇ ਰੋਸ ਮੁਜਾਹਰੇ ਕਰਨ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਜਮਹੂਰੀ ਅਧਿਕਾਰ ਸਭਾ ਵਲੋਂ 22 ਸਤੰਬਰ ਨੂੰ ਸੂਬੇ ਭਰ ‘ਚ ਜਮਹੂਰੀ ਹਂਕਾਂ ਦੇ ਘਾਣ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ‘ਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਹੈ। ਇਸ ਸਮੇਂ ਕਾ: ਬੰਤ ਸਿੰਘ ਬਰਾੜ, ਪਿ੍ਰਥੀਪਾਲ ਮਾੜੀਮੇਘਾ,ਪ੍ਰਗਟ ਸਿੰਘ ਜਾਮਾਰਾਏ, ਗੁਰਮੀਤ ਸਿੰਘ ਬਖਤਪੁਰ , ਰਾਜਵਿੰਦਰ ਰਾਣਾ, ਕੰਵਲਜੀਤ ਖੰਨਾ, ਤਾਰਾ ਸਿੰਘ ਮੋਗਾ, ਨਰਿੰਦਰ ਨਿੰਦੀ, ਕੁਲਵਿੰਦਰ ਵੜੈਚ, ਕਿਰਨਜੀਤ ਸੇਖੋਂ, ਮੰਗਤ ਰਾਮ ਲੌਂਗੋਵਾਲ ਅਤੇ ਸੁਖਦਰਸ਼ਨ ਨੱਤ ਆਦਿ ਹਾਜਰ ਸਨ ।