ਮਾਈਨਰ ਸੂਏ ਦਾ ਪਾਣੀ ਓਵਰਫਲੋਅ, ਕਿਸਾਨਾਂ ਨੇ ਪੱਕਣ ਕਿਨਾਰੇ ਖੜ੍ਹੀ ਫ਼ਸਲ ਖਰਾਬ ਹੋਣ ਦਾ ਲਗਾਇਆ ਦੋਸ਼
ਅਧਿਕਾਰੀ ਨੇ ਕਿਹਾ ਕੋਈ ਨੁਕਸਾਨ ਨਹੀਂ ਹੋਇਆ
ਰੋਹਿਤ ਗੁਪਤਾ, ਗੁਰਦਸਪੁਰ
ਗੁਰਦਾਸਪੁਰ ਦੇ ਬਰਨਾਲਾ ਪੁਲ ਨੇੜੇ ਸਥਿਤ ਮੁਸਤਾਬਾਦ ਮਾਈਨਰ ਸੂਏ ਵਿੱਚ ਪਾਣੀ ਦੇ ਓਵਰਫਲੋਅ ਹੋਣ ਕਾਰਨ ਆਸ-ਪਾਸ ਦੇ ਖੇਤਾਂ ਵਿੱਚ ਪਾਣੀ ਦਾਖ਼ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਣੀ ਭਰ ਜਾਣ ਕਾਰਨ ਪੱਕਣ ਕਿਨਾਰੇ ਖੜ੍ਹੀ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਕਿਸਾਨਾਂ ਵਿੱਚ ਨਹਿਰੀ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਪੀੜਤ ਕਿਸਾਨ ਸੰਜੀਵ ਸੈਣੀ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਸਬੰਧਤ ਨਹਿਰੀ ਵਿਭਾਗ ਦੇ ਜੇ.ਈ. ਅਸ਼ੋਕ ਕੁਮਾਰ ਨੂੰ ਫ਼ੋਨ ਰਾਹੀਂ ਸੂਏ ਵਿੱਚ ਪਾਣੀ ਦਾ ਪੱਧਰ ਘਟਾਉਣ ਅਤੇ ਸਮੱਸਿਆ ਦਾ ਹੱਲ ਕਰਨ ਲਈ ਅਪੀਲ ਕਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ। ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਸੂਏ ਵਿੱਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਰਹਿਣ ਕਾਰਨ ਕਈ ਥਾਵਾਂ ਤੋਂ ਪਾਣੀ ਬਾਹਰ ਨਿਕਲ ਰਿਹਾ ਹੈ।
ਸੰਜੀਵ ਸੈਣੀ ਮੁਤਾਬਕ ਉਨ੍ਹਾਂ ਦੀ ਝੋਨੇ ਦੀ ਫ਼ਸਲ ਪੱਕਣ ਦੇ ਆਖਰੀ ਪੜਾਅ ’ਤੇ ਹੈ ਅਤੇ ਕੁਝ ਹੀ ਦਿਨਾਂ ਵਿੱਚ ਇਸ ਦੀ ਕਟਾਈ ਹੋਣੀ ਸੀ, ਪਰ ਹੁਣ ਖੇਤਾਂ ਵਿੱਚ ਗੋਡੇ-ਗੋਡੇ ਤੱਕ ਪਾਣੀ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਸਮੇਂ ਸਿਰ ਸੂਏ ਦੀ ਸਫ਼ਾਈ ਅਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਂਦਾ ਤਾਂ ਇਹ ਸਥਿਤੀ ਪੈਦਾ ਨਾ ਹੁੰਦੀ।
ਕਿਸਾਨਾਂ ਦਰਸ਼ਨ ਸਿੰਘ ਗੁਰਮੀਤ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਸੂਏ ਦੀ ਸਫ਼ਾਈ ਸਿਰਫ਼ ਕੁਝ ਪੁਲਾਂ ਦੇ ਨੇੜੇ ਤੱਕ ਸੀਮਤ ਰਹਿ ਜਾਂਦੀ ਹੈ।, ਜਦਕਿ ਅੱਗੇ ਕਈ ਥਾਵਾਂ ’ਤੇ ਸੂਏ ਦੀ ਹਾਲਤ ਖ਼ਰਾਬ ਹੈ ਅਤੇ ਬੰਨ੍ਹਾਂ ਦੀ ਮੁਰੰਮਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੌਰਾਨ ਪਾਣੀ ਦਾ ਪੱਧਰ ਹੋਰ ਵਧ ਜਾਣ ਕਾਰਨ ਸਮੱਸਿਆ ਗੰਭੀਰ ਰੂਪ ਧਾਰ ਲੈਂਦੀ ਹੈ।
ਉੱਥੇ ਹੀ ਜਦੋਂ ਇਸ ਬਾਰੇ ਨਹਿਰ ਵਿਭਾਗ ਦੇ ਐਸ ਡੀ ਓ ਸੰਜੀਵ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਰਾਤ ਆਏ ਝੱਖੜ ਕਾਰਨ ਕੁਝ ਦਰਖਤ ਟੁੱਟ ਕੇ ਮਾਈਨਰ ਵਿੱਚ ਡਿੱਗ ਗਏ ਸਨ ਜਿਸ ਕਾਰਨ ਪਾਣੀ ਦਾ ਬਹਾਰ ਰੁੱਕ ਗਿਆ ਤੇ ਸੂਆ ਓਵਰ ਫਲੋ ਹੋ ਗਿਆ ਪਰ ਵਿਭਾਗ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਸਭ ਕੁਝ ਕੰਟਰੋਲ ਕਰ ਲਿਆ ਗਿਆ ਹੈ ਅਤੇ ਕੋਈ ਨੁਕਸਾਨ ਨਹੀਂ ਹੋਇਆ। ਉਹਨਾਂ ਕਿਹਾ ਕਿ ਸੂਏ ਦੀ ਸਫਾਈ ਲਗਾਤਾਰ ਹੋਈ ਹੈ ਤੇ ਇੱਕ ਵਾਰ ਫਿਰ ਤੋਂ ਕਰਵਾਈ ਜਾਏਗੀ ।
- Download Babushahi App
-
-