ਕਰਮਵਾਰ ਲਿਬਰਲ, ਕੰਜ਼ਰਵੇਟਿਵ, ਐਨ ਡੀ ਪੀ ਅਤੇ ਬਲਾਕ ਕਿਊਬਿਕਾ ਮੁਖੀ ਜਸਟਿਨ ਟਰੂਡੋ, ਐਂਡਰਿਊ ਸ਼ੀਅਰਜ਼, ਜਗਮੀਤ ਸਿੰਘ ਅਤੇ ਫਰੈਂਕੋਸ ਬਲੈਂਚਟ
ਕੰਵਲਜੀਤ ਸਿੰਘ ਕੰਵਲ
ਟੋਰਾਂਟੋ, 22 ਅਕਤੂਬਰ 2019 - ਕੈਨੇਡਾ ਵਿਚਲੀਆਂ ਫੈਡਰਲ ਚੋਣਾ ਬਾਰੇ ਜਿਵੇਂ ਸਿਆਸੀ ਮਾਹਿਰਾਂ ਵੱਲੋਂ ਪਹਿਲਾਂ ਹੀ ਕੀਤੀਆਂ ਗਈਆਂ ਪੇਸ਼ਨਗੋਈਆਂ ਤੋਂ ਲੱਗਦਾ ਸੀ ਕਿ ਮੌਜੂਦਾ ਚੋਣਾਂ ਚ ਲਿਬਰਲ ਪਾਰਟੀ ਆਫ ਕੈਨੇਡਾ ਨੂੰ ਘੱਟ ਗਿਣਤੀ ਸਰਕਾਰ ਬਣਾਉਣ ਦਾ ਸਾਹਮਣਾ ਕਰਨਾਂ ਪੈ ਸਕਦਾ ਹੈ ਤੇ ਹੋਇਆ ਵੀ ਉਹੀ। 338 ਸੀਟਾਂ ਵਾਲੀ ਕੈਨੇਡੀਅਨ ਪਾਰਲੀਮੈਂਟ ਵਿਚਲੀ ਸਰਕਾਰ ਚਲਾਉਣ ਲਈ ਜਿਸੇ ਵੀ ਪਾਰਟੀ ਨੂੰ 170 ਸੀਟਾਂ ਦੀ ਜਰੂਰਤ ਹੁੰਦੀ ਹੈ ਅਤੇ ਬੀਤੀਆਂ 2015 ਦੀਆਂ ਚੋਣਾਂ ਚ ਲਿਬਰਲਾਂ ਨੂੰ 177 ਸੀਟਾਂ ਦਾ ਬਹੁਮੱਤ ਪ੍ਰਾਪਤ ਸੀ ਅਤੇ ਇਸੇ ਬਹੁਮੱਤ ਕਰਕੇ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ 4 ਸਾਲ ਲਗਾਤਾਰ ਸਰਕਾਰ ਦਾ ਪੂਰਾ ਅਨੰਦ ਮਾਣਿਆਂ,ਪਰ ਇਹਨਾਂ ਚੋਣਾਂ ਚ ਬੀਤੇ ਸਮੇਂ ਦੌਰਾਨ ਕੈਨੇਡਾ ਤੇ ਰਾਜ ਕਰਦੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਬੀਤੀਆਂ 2015 ਦੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਵਫਾ ਨਾਂ ਕਰਨ ਦਾ ਖਮਿਆਜਾ ਭੁਗਤਣ ਦੀਆਂ ਕਿਆਸ ਅਰਾਈਆਂ ਸੱਚ ਸਾਬਤ ਹੋਈਆਂ।
ਮਜ਼ੇ ਦੀ ਗੱਲ ਇਹ ਰਹੀ ਕਿ ਭਾਂਵੇਂ ਮੌਜੂਦਾ ਚੋਣਾਂ ਚ ਭਾਗ ਲੈਣ ਵਾਲੀ ਕਿਸੇ ਵੀ ਪਾਰਟੀ ਕੋਲ ਕੋਈ ਠੋਸ ਪ੍ਰੋਗਰਾਮ ਜਾਂ ਮੈਨੀਫੈਸਟੋ ਨਹੀਂ ਸੀ ਅਤੇ ਇਹ ਚੋਣਾਂ ਮੁੱਦਾ ਰਹਿਤ ਅਤੇ ਇਕ ਦੂਜੇ ੳੱਤੇ ਸੱਸਤੀ ਦੂਸ਼ਣਬਾਜੀ ਕਰਨ ਦੇ ਆਧਾਰਿਤ ਸੀ ਅਤੇ ਲਿਬਰਲਾਂ ਕੋਲ ਆਪਣੇ ਬੀਤੇ ਚਾਰ ਸਾਲਾਂ ਦੇ ਕੀਤੇ ਅੱਧ-ਪਚੱਧੇ ਕੰਮਾਂ ਦਾ ਰਿਪੋਰਟ ਕਾਰਡ ਸੀ ਅਤੇ ਆਉਂਦੇ ਸਮੇਂ ਚ ਬਾਕੀ ਵਾਅਦੇ ਪੂਰੇ ਕੀਤੇ ਜਾਣ ਦ ਨਵੇਂ ਵਾਅਦਿਆਂ ਦੀ ਝੜੀ ਨੂੰ ਆਧਾਰ ਬਣਾ ਕੇ ਲੜੀਆਂ ਗਈਆਂ ਨਜ਼ਰ ਆਈਆਂ, ਮੌਜੂਦਾ ਸਰਕਾਰ ਵੱਲੋਂ ਲੋਕਾਂ ਦੇ ਇਸ ਰੋਸ ਸਾਹਵੇਂ ਲੜੀਆਂ ਗਈਆਂ ਇਹਨਾਂ ਚੋਣਾਂ ਚ ਕਈ ਥਾਂਈਂ ਵਿਰੋਧੀਆਂ ਨੂੰ ਕੁਝ ਸੀਟਾਂ ਵੱਧ ਮਿਲੀਆਂ ਅਤੇ ਕਈ ਥਾਂਈਂ ਲਿਬਰਲਾਂ ਨੂੰ ਕੁਝ ਸੀਟਾਂ ਤੋਂ ਹੱਥ ਧੋਣੇ ਪਏ। ਕਿਊਬਕ ਵਰਗੇ ਸੂਬੇ ਚ ਉੱਥੋਂ ਦੀ ਖੇਤਰੀ ਪਾਰਟੀ ਬਲਾਕ ਕਿਊਬਿਕਾ ਨੇ ਆਪਣੇ ਪੈਰ ਪਸਾਰਦਿਆਂ ਲਿਬਰਲ ਪਾਰਟੀ ਅਤੇ ਐਨ ਡੀ ਪੀ ਦੀਆਂ ਸੀਟਾਂ ਨੂੰ ਸੰਨ ਲਾਈ।
ਚੋਣਾ ਦੇ ਆਏ ਅੱਜ ਦੇ ਨਤੀਜਿਆਂ ਅਨੁਸਾਰ ਲਿਬਰਲ ਮੁਖੀ ਜਸਟਿਨ ਟਰੂਡੋ, ਕੰਜ਼ਰਵੇਟਿਵ ਪਾਰਟੀ ਮੁਖੀ ਐਂਡਰੀਓ ਸ਼ੀਅਰਜ, ਐਨ ਡੀ ਪੀ ਮੁਖੀ ਜਗਮੀਤ ਸਿੰਘ, ਬਲਾਕ ਕਿਊਬਿਕਾ ਮੁਖੀ ਫਰੈਂਕੋਸ ਬਲੈਂਚਟ ਆਦਿ ਆਪਣੇ ਆਪਣੇ ਹਲਕਿਆਂ ਤੋਂ ਚੋਣ ਜਿੱਤ ਗਏ ਹਨ। 338 ਸੀਟਾਂ ਵਾਲੀ ਮੌਜੂਦਾ ਪਾਰਲੀਮੈਂਟ ਚ ਲਿਬਰਲਾਂ ਨੂੰ 156, ਕੰਜ਼ਵੇਟਿਵਾਂ ਨੂੰ 122, ਬਲਾਕ ਕਿਊਬਿਕਾ ਨੂੰ 32, ਐਨ ਡੀ ਪੀ ਨੂੰ 24, ਗਰੀਨ ਪਾਰਟੀ ਨੂੰ ਪਾਰਟੀ ਨੂੰ 3 ਅਤੇ 1 ਸੀਟ ਆਜ਼ਾਦ ਉਮੀਦਵਾਰ ਦੀ ਝੋਲੀ ਪਈ ਜਦੋਂ ਕਿ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਮੁਖੀ ਆਪਣੀ ਸੀਟ ਹਾਰਨ ਸਮੇਤ ਆਪਣੀ ਪਾਰਟੀ ਦਾ ਖਾਤਾ ਵੀ ਨਾਂ ਖ੍ਹੋਲ ਸਕੇ ਅਤੇ ਉਹਨਾਂ ਦੀ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਚੋਣ ਹਾਰ ਗਏ। ਚੇਤੇ ਰਹੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਿਸੇ ਪਾਰਟੀ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ 12 ਸੀਟਾਂ ਦੀ ਜਿੱਤ ਪਰਾਪਤ ਹੋਣਾਂ ਜਰੂਰੀ ਹੈ। ਮੌਜੂਦਾ ਸਥਿੱਤੀ ਮੁਤਾਬਕ ਜਸਟਿਨ ਟਰੂਡੋ ਨੂੰ ਆਪਣੀ ਸਰਕਾਰ ਚਲਾਉਣ ਅਤੇ ਉਸ ਲਈ ਨਵੇਂ ਕਿਸੇ ਬਿੱਲ ਨੂੰ ਪਾਸ ਕਰਾਉਣ ਲਈ ਕਿਸੇ ਇਕ ਪਾਰਟੀ ਦੀਆਂ "ਭਾਓੜੀਆਂ" ਤੋਂ ਕੰਮ ਲੈਣਾ ਪਵੇਗਾ ਅਤੇ ਉਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਅਨੁਸਾਰ ਉਹਨਾਂ ਦੀਆਂ ਪਾਲਸੀਆਂ ਨੂੰ ਅਪਨਾਉਣ ਵਰਗਾ ਵੀ "ਅੱਕ ਚੱਬਣਾ" ਪਵੇਗਾ। ਕੈਨੇਡਾ ਦੇ ਇਤਿਹਾਸ ਵਿੱਚ ਇੱਥੇ 13 ਵਾਰ ਪਹਿਲਾਂ ਵੀ ਘੱਟ ਗਿਣਤੀ ਸਰਕਾਰਾਂ ਬਣ ਚੁਕੀਆਂ ਹਨ ਪਰ ਵਿਚਾਰਾਂ ਅਤੇ ਪਾਲਸੀਆਂ ਦੇ ਵੱਖਰੇਂਵਿਆਂ ਕਰਕੇ ਉਹ ਘੱਟ ਗਿਣਤੀ ਸਰਕਾਰਾਂ ਪੂਰਾ ਸਮਾਂ ਭਾਵ 4 ਸਾਲ ਚੱਲਣ ਦੀ ਬਜਾਏ ਉਹ ਲੱਗ ਪੱਗ 2 ਜਾਂ 3 ਸਾਲਾਂ ਦੇ ਸਮੇਂ ਦੌਰਾਨ ਚ ਹੀ ਆਪਣਾ ਦੰਮ ਤੋੜਦੀਆਂ ਰਹੀਆਂ।
ਇਸ ਸਮੇਂ ਲਿਬਰਲ ਪਾਰਟੀ ਕੋਲ ਦੋ ਹੀ ਵਿਕਲਪ ਹਨ ਕਿ ਉਹ ਜਾਂ ਤਾਂ ਬਲਾਕ ਕਿਊਬਿਕਾ ਜਿਹਨਾਂ ਕੋਲ ਮੌਜੂਦਾ ਪਾਰਲੀਮੈਂਟ ਚ 32 ਸੀਟਾਂ ਹਨ ਨਾਲ ਸਾਂਝ ਪਾਵੇ ਜੋ ਕਿ ਕਿਊਬਿਕ ਸੂਬੇ ਨੂੰ ਕੈਨੇਡਾ ਨਾਲੋਂ ਵੱਖ ਕਰਨ ਦੀ ਕਥਿੱਤ ਤੌਰ ਤੇ ਵਕਾਲਤ, ਅਤੇ ਬਿੱਲ 21ਸੀ ਦੇ ਮੁਦਈ ਹਨ ਜਿਸ ਰਾਹੀਂ ਉਹ ਕਿਸੇ ਘੱਟ ਗਿਣਤੀ ਭਾਵ ਜਿਵੇਂ ਸਿੱਖਾਂ ਨੂੰ ਦਸਤਾਰ ਸਮੇਤ ਆਪਣੇ ਧਾਰਮਿਕ ਚਿੰਨ ਪਹਿਨ ਕੇ, ਮੁਸਲਿਮ ਔਰਤਾਂ ਲਈ ਹਿਜਾਬ ਜਾਂ ਬੁਰਕਾ ਆਦਿ ਪਹਿਨ ਕੇ ਪੂਰੇ ਕਿਊਬਿਕ ਸੂਬੇ ਵਿੱਚ ਕੰਮ ਕਰਨ ਦੀ ਇਜ਼ਾਜਤ ਨਾਂ ਦੇਣ ਦੇ ਮੁਦਈ ਹਨ। ਦੂਜਾ ਵਿਕਲੱਪ ਐਨ ਡੀ ਪੀ ਹੈ ਜਿਸ ਕੋਲ 24 ਸੀਟਾਂ ਹਨ ਅਤੇ ਚੋਣਾਂ ਜਿੱਤਣ ਲਈ ਉਹਨਾਂ ਨੇ ਆਪਣੇ ਵੋਟਰਾਂ ਨੂੰ ਆਪਣੇ ਚੋਣ ਮੈਨੀਫੈਸਟੋ (ਭਾਵ ਚੋਣ ਵਾਅਦੇ)ਰਾਹੀਂ ਕੁਝ ਦਾਅਵੇ ਅਤੇ ਵਾਅਦੇ ਕੀਤੇ ਹੋਏ ਹਨ। ਇਹ ਤਾਂ ਭਵਿੱਖ ਵਿੱਚ ਸਮਾਂ ਹੀ ਦੱਸੇਗਾ ਕਿ ਇਹਨਾਂ ਦੋਹਾਂ ਪਾਰਟੀਆਂ ਚੋਂ ਕਿਹੜੀ ਪਾਰਟੀ ਦੀ ਮਦਦ ਲਿਬਰਲਾਂ ਨੂੰ ਹਜਮ ਹੁੰਦੀ ਹੈ ਅਤੇ ਕਿਹੜੀਆਂ ਸ਼ਰਤਾਂ ਜਾਂ ਪਾਰਟੀ ਸਰਕਾਰ ਬਣਾਉਣ ਲਈ ਲਿਬਰਲਾਂ ਨੂੰ ਸੂਤ ਆਉਂਦੀਆਂ ਹਨ।
ਕਿਸੇ ਪਾਰਟੀ ਨਾਲ ਬਹੁਤਾ ਲੰਬਾ ਸਮਾਂ ਨਾਂ ਚੱਲਣ ਜਾਂ ਪਾਰਲੀਮੈਂਟ ਤੋੜ ਕੇ ਜਿਮਨੀਂ ਚੋਣਾਂ ਕਰਾਉਣ ਦੀ ਸੂਰਤ ਵਿੱਚ ਕੈਨੇਡੀਅਨ ਲੋਕਾਂ ਭਾਵ ਟੈਕਸ ਅਦਾ ਕਰਨ ਵਾਲੇ ਕੈਨੇਡੀਅਨਜ ਨੂੰ ਜਿਮਨੀਂ ਚੋਣਾਂ ਦਾ ਦੁਬਾਰਾ ਖਰਚਾ ਝੱਲਣਾ ਪੈ ਸਕਦਾ ਹੈ ਅਤੇ ਸੰਭਾਵੀ ਜਿਮਨੀਂ ਚੋਣਾਂ ਕਰਵਾਉਣ ਵਾਲੀ ਜਿਮੇਂਵਾਰ ਪਾਰਟੀ ਨੂੰ ਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾਂ ਪੈ ਸਕਦਾ ਹੈ। ਭਾਂਵੇਂ ਕਿ ਚੋਣਾਂ ਤੋਂ ਪਹਿਲਾਂ ਐਨ ਡੀ ਪੀ ਮੁੱਖੀ ਜਗਮੀਤ ਸਿੰਘ ਨੇ ਘੱਟ ਗਿਣਤੀ ਸਰਕਾਰ ਬਣਨ ਦੀ ਸੂਰਤ ਵਿੱਚ ਲਿਬਰਲਾਂ ਦੀ ਮਦਦ ਕਰਨ ਗੱਲ ਕਹੀ ਗਈ ਸੀ ਪਰ ਇਹ ਤਾਂ ਹੁਣ ਵਕਤ ਹੀ ਦੱਸੇਗਾ !