ਮਨਾਇਆ ਗਿਆ ਰਾਸ਼ਟਰੀ ਪੁਲਿਸ ਦਿਵਸ
ਗੁਰਨਾਮ ਸਿੱਧੂ
ਫਿਰੋਜ਼ਪੁਰ 21 ਅਕਤੂਬਰ 2019: ਪੁਲਿਸ ਲਾਈਨ ਫਿਰੋਜ਼ਪੁਰ ਛਾਉਣੀ ਵਿਖੇ ਸ਼ਹੀਦ ਹੋਏ ਪੁਲਿਸ ਜਵਾਨਾਂ ਦੇ ਸ਼ਹੀਦੀ ਸਮਾਰਕ 'ਤੇ ਪੁਲਿਸ, ਸਿਵਲ ਪ੍ਰਸ਼ਾਸਨ, ਜੁਡੀਸ਼ਰੀ ਦੇ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਫੁੱਲ ਮਲਾਵਾਂ ਭੇਟ ਕਰਕੇ ਰਾਸ਼ਟਰੀ ਪੁਲਿਸ ਦਿਵਸ ਮਨਾਇਆ ਗਿਆ। ਇਸ ਮੌਕੇ ਡੀਐੱਸਪੀ ਸਤਨਾਮ ਸਿੰਘ ਦੀ ਅਗਵਾਈ ਵਿਚ ਪੁਲਿਸ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਅਤੇ ਮਹਿਮਾਨਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਵਿਸ਼ੇਸ਼ ਤੌਰ ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁਰਜਰ, ਆਈਜੀ ਬੀ ਚੰਦਰ ਸ਼ੇਖਰ, ਐਡੀਸ਼ਨਲ ਸੈਸ਼ਨ ਜੱਜ ਸਚਿਨ ਸ਼ਰਮਾ ਅਤੇ ਐਡੀਸ਼ਨਲ ਸੈਸ਼ਨ ਜੱਜ ਗੁਰਨਾਮ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਆਈਜੀ ਬੀ ਚੰਦਰ ਸ਼ੇਖਰ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀ ਅਮਨ ਸ਼ਾਂਤੀ ਲਈ ਆਪਣੀਆਂ ਅਦੁੱਤੀ ਸ਼ਹਾਦਤਾਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਚੀਨੀਆਂ ਵਿਰੁੱਧ ਲੜਾਈ ਦੌਰਾਨ ਲੇਹ ਲੱਦਾਖ ਦੇ ਹੋਂਟ ਸਪਰਿੰਗ ਇਲਾਕੇ ਵਿਚ ਤਾਇਨਾਤ ਕੀਤੇ ਗਏ ਜਵਾਨਾਂ ਦੀ ਇਕ ਟੁਕੜੀ ਤੇ ਚੀਨੀਆਂ ਵੱਲੋਂ ਅਚਾਨਕ ਹਮਲਾ ਕੀਤਾ ਗਿਆ। ਜਿਸ ਵਿਚ ਭਾਰਤੀ ਪੁਲਿਸ ਦੇ 10 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ ਯਾਦ ਵਿਚ ਤੇ ਡਿਊਟੀ ਦੌਰਾਨ ਹੋਰ ਮਾਰੇ ਗਏ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦੀ ਯਾਦ ਤਾਜਾਂ ਰੱਖਣ ਲਈ ਸਾਲ 1960 ਵਿਚ ਸਮੂਹ ਸਟੇਟਾਂ ਦੇ ਆਈਜੀਪੀਜ਼ ਦੀ ਕਾਨਫ਼ਰੰਸ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਹਰ ਸਾਲ ਸਾਰੇ ਦੇਸ਼ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਅਤੇ ਹੋਰ ਪੁਲਿਸ ਯੂਨਿਟਾਂ ਵਿਚ 21 ਅਕਤੂਬਰ ਨੂੰ ਇਹ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੁੱਲ 1784 ਪੁਲਿਸ ਅਧਿਕਾਰੀ, ਕਰਮਚਾਰੀ ਸ਼ਹੀਦ ਹੋਏ ਸਨ ਜਿਨ੍ਹਾਂ ਵਿਚ ਡੀਆਈਜੀ-2, ਐੱਸਐੱਸਪੀ-3, ਐੱਸਪੀ-4, ਡੀਐੱਸਪੀ-12, ਇੰਸਪੈਕਟਰ-32, ਸਬ ਇੰਸਪੈਕਟਰ-61, ਅਸਿਸਟੈਂਟ ਸਬ-ਇੰਸਪੈਕਟਰ-111, ਹੌਲਦਾਰ-268, ਸਿਪਾਹੀ-817, ਹੋਮ ਗਾਰਡਜ਼ ਵਲੰਟੀਅਰ-294 ਅਤੇ ਐੱਸਪੀਓਜ਼-180 ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 44 ਕਰਮਚਾਰੀ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ ਜਿਨ੍ਹਾਂ ਵਿਚੋਂ ਸਬ ਇੰਸਪੈਕਟਰ-1, ਏਐੱਸਆਈਜ਼-4, ਐੱਚਸੀਜ਼-11, ਸਿਪਾਹੀ-7, ਐੱਸਪੀਓਜ਼-5 ਅਤੇ ਪੀਐੱਸਜੀ-16 ਹਨ, ਜਿਨ੍ਹਾਂ ਨੂੰ ਆਸੀਂ ਕਦੇ ਵੀ ਨਹੀਂ ਭੁੱਲਾ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਤੇ ਪੂਰਾ ਮਾਨ ਹੈ ਅਤੇ ਸਦਾ ਰਹੇਗਾ। ਇਸ ਮੌਕੇ ਐੱਸਪੀਡੀ ਬਲਜੀਤ ਸਿੰਘ ਸਿੱਧੂ (ਸਪੈਸ਼ਲ ਕ੍ਰਾਈਮ) ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਪੰਜਾਬ ਪੁਲਿਸ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਅਤੇ ਦੇਸ਼ ਵਿਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਉਹ ਖ਼ਤਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਿਸ ਜਵਾਨਾਂ ਦੀਆਂ ਸ਼ਹੀਦੀਆਂ ਬਦੌਲਤ ਹੀ ਅੱਜ ਅਸੀਂ ਸ਼ਾਂਤੀ ਤੇ ਅਮਨ ਚੈਨ ਦੀ ਜ਼ਿੰਦਗੀ ਬਤੀਤ ਕਰ ਰਹੇ ਤੇ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਹੋ ਜਿਹੇ ਸ਼ਹੀਦਾਂ ਤੇ ਮਾਣ ਹੈ ਤੇ ਪੰਜਾਬ ਪੁਲਿਸ ਹਰ ਮੁਸ਼ਕਿਲ ਦੀ ਘੜੀ ਵਿਚ ਸ਼ਹੀਦ ਪਰਿਵਾਰਾਂ ਨਾਲ ਖੜੀ ਹੈ। ਇਸ ਤੋਂ ਪਹਿਲਾ ਐੱਸਪੀਐੱਚ ਗੁਰਮੀਤ ਸਿੰਘ ਚੀਮਾ ਵੱਲੋਂ ਦੇਸ਼ ਦੀਆਂ ਵੱਖ ਵੱਖ ਸੁਰੱਖਿਆ ਫੋਰਸਾਂ ਦੇ ਸ਼ਹੀਦ ਹੋਏ ਅਫ਼ਸਰਾਂ ਅਤੇ ਜਵਾਨਾਂ ਦੇ ਨਾਮਾਂ ਦੀ ਸੂਚੀ ਪੜ੍ਹ ਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਐੱਸਪੀਡੀ ਅਜੇ ਰਾਜ ਸਿੰਘ, ਡੀਐੱਸਪੀ ਗੁਰਬਚਨ ਸਿੰਘ, ਡੀਐੱਸਪੀ ਗੁਰਜੀਤ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿਵਲ, ਹੋਮ ਗਾਰਡਜ਼, ਸ਼ਹੀਦਾਂ ਦੇ ਪਰਿਵਾਰ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ।