ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਲਿਖਤੀ ਸਵਾਲ ਦੇਣ ਤੋ਼ ਕਿਉਂ ਭੱਜ ਰਹੇ ਹੋ: ਅਕਾਲੀ ਦਲ ਨੇ ਸਰਕਾਰ ਨੂੰ ਕੀਤਾ ਸਵਾਲ
ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਝੂਠ ਬੋਲ ਰਹੀ ਹੈ ਤੇ ਬਹਿਬਲ ਕਲਾਂ ਫਾਇਰਿੰਗ ਕੇਸ ਵਿਚ ਐਸ ਆਈ ਟੀ ਦੇ ਸੰਮਨਾਂ ਨੂੰ ਲੈ ਕੇ ਝੂਠਾ ਬਿਰਤਾਂਤ ਸਿਰਜ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਈ ਡੀ ਵੱਲੋਂ ਮੁੱਖ ਮੰਤਰੀ ਦਫਤਰ ਖਿਲਾਫ ਭ੍ਰਿਸ਼ਟਾਚਾਰ ਦੇ ਸੌਂਪੇ ਸਬੂਤ ਤੇ ਮੁੱਖ ਮੰਤਰੀ ਦੀ ਪਤਨੀ ਵੱਲੋਂ ਇਕ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਛੁਡਵਾਉਣ ਵਾਸਤੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਕੇਸ ਤੋਂ ਪਾਸੇ ਕੀਤਾ ਜਾ ਸਕੇ
ਪਰਮਬੰਸ ਸਿੰਘ ਰੋਮਾਣਾ ਤੇ ਅਰਸ਼ਦੀਪ ਸਿੰਘ ਕਲੇਰ ਨੇ ਐਸ ਆਈ ਟੀ ਨੂੰ ਦੱਸਿਆ ਕਿ ਅਕਾਲੀ ਦਲ ਪ੍ਰਧਾਨ ਦਾ ਅੱਜ ਮੈਡੀਕਲ ਚੈਕਅਪ ਤੇ ਉਹ 30 ਸਤੰਬਰ ਤੋਂ ਬਾਅਦ ਹੀ ਮਿਲਣਗੇ ਕਿਉਂਕਿ ਉਦੋਂ ਤੱਕ ਉਹਨਾਂ ਦੀਆਂ ਲਗਾਤਾਰ ਰੈਲੀਆਂ ਹਨ
ਚੰਡੀਗੜ੍ਹ, 11 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਪੁੱਛਿਆ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਮੰਗ ਅਨੁਸਾਰ ਉਹਨਾਂ ਨੂੰ ਲਿਖਤੀ ਸਵਾਲ ਦੇਣ ਤੋਂ ਟਾਲਾ ਕਿਉਂ ਵੱਟ ਰਹੀ ਹੈ ਤੇ ਉਲਟਾ ਗਲਤ ਬਿਰਤਾਂਤ ਸਿਰਜ ਕੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਦਫਤਰ ਵਿਚਲੇ ਭ੍ਰਿਸ਼ਟਾਚਾਰ ਦੇ ਸੌਂਪੇ ਸਬੂਤਾਂ ਅਤੇ ਮੁੱਖ ਮੰਤਰੀ ਦੀ ਪਤਨੀ ਵੱਲੋਂ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਛੁਡਵਾਉਣ ਬਦਲੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਦਾ ਯਤਨ ਕਰ ਰਹੀ ਹੈ।
ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਤੇ ਅਰਸ਼ਦੀਪ ਸਿੰਘ ਕਲੇਰ ਸਮੇਤ ਦੋ ਮੈਂਬਰੀ ਵਫਦ ਨੇ ਦੱਸਿਆ ਕਿ ਉਹਨਾਂ ਨੇ ਅੱਜ ਐਸ ਆਈ ਟੀ ਨੂੰ ਪਾਰਟੀ ਪ੍ਰਧਾਨ ਦਾ ਪ੍ਰੋਗਰਾਮ ਸੌਂਪ ਕੇ ਦੱਸਿਆ ਹੈ ਕਿ ਉਹਨਾਂ ਦਾ ਅੱਜ ਮੈਡੀਕਲ ਚੈਕਅਪ ਹੈ ਤੇ ਇਸ ਉਪਰੰਤ 30 ਸਤੰਬਰ ਤੱਕ ਉਹਨਾਂ ਦੀਆਂ ਲਗਾਤਾਰ ਰੈਲੀਆਂ ਹਨ। ਉਹਨਾਂ ਐਸ ਆਈ ਟੀ ਨੂੰ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ 30 ਸਤੰਬਰ ਤੋਂ ਬਾਅਦ ਹੀ ਉਪਲਬਧ ਹੋਣਗੇ ਅਤੇ ਇਸ ਦੌਰਾਨ ਉਹਨਾਂ ਨੂੰ ਉਹਨਾਂ ਤੋਂ ਪੁੱਛੇ ਜਾਣ ਵਾਲੇ ਸਾਰੇ ਸਵਾਲ ਲਿਖਤੀ ਤੌਰ ’ਤੇ ਦਿੱਤੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ 20 ਜੁਲਾਈ ਨੂੰ ਐਸ ਆਈ ਟੀ ਦੇ ਸੰਮਨਾਂ ਦਾ ਜਵਾਬ ਦੇਣ ਮਗਰੋਂ ਵੀ ਲਿਖਤੀ ਸਵਾਲ ਮੰਗੇ ਸਨ।
ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਣ ਬੁੱਝ ਕੇ ਸੰਮਨ ਜਾਰੀ ਕੀਤੇ ਗਏ ਤਾਂ ਜੋ ਉਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕੀਤੇ ਜਾ ਸਕੇ ਜਿਹਨਾਂ ਵਿਚ ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਫਸੀ ਹੋਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੀ ਕਾਂਗਰਸ ਦੀ ਨੀਤੀ ’ਤੇ ਚਲ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਫਤਰ ਤੇ ਰਿਹਾਇਸ਼ ਵਿਚ ਚਲ ਰਹੇ ਵਿਆਪਕ ਭ੍ਰਿਸ਼ਟਾਚਾਰ ਦੇ ਸਬੂਤਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਅਤੇ ਲੋਕਾਂ ਦੀ ਲੋਕਤੰਤਰੀ ਆਵਾਜ਼ ਕੁਚਲਣ ਦੇ ਯਤਨ ਕਰਨ ਦੇ ਨਾਲ-ਨਾਲ ਆਪ ਸਰਕਾਰ ਇਕ ਝੂਠਾ ਬਿਰਤਾਂਤ ਸਿਰਜਣ ਦਾ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀ ਵਾਰ ਜਦੋਂ ਅਕਾਲੀ ਦਲ ਦੇ ਪ੍ਰਧਾਨ ਐਸ ਆਈ ਟੀ ਅੱਗੇ ਪੇਸ਼ ਹੋਏ ਸਨ ਤਾਂ ਸਰਕਾਰ ਨੇ ਇਹ ਖ਼ਬਰਾਂ ਨਸ਼ਰ ਕਰਵਾਈਆਂ ਸਨ ਕਿ ਉਹਨਾਂ ਜਾਂਚ ਏਜੰਸੀ ਨਾਲ ਸਹਿਯੋਗ ਨਹੀਂ ਕੀਤਾ।ਉਹਨਾਂ ਕਿਹਾ ਕਿ ਇਸ ਵਾਰ ਮੀਡੀਆ ਨੂੰ ਇਹ ਖਬਰ ਲੀਕ ਕੀਤੀ ਗਈ ਕਿ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੁਖਬੀਰ ਬਾਦਲ ਦਾ ਸਾਹਮਣਾ ਉਹਨਾਂ ਨਾਲ ਕਰਵਾਇਆ ਜਾਵੇਗਾ।
ਸਰਦਾਰ ਰੋਮਾਣਾ ਨੇ ਕਿਹਾ ਕਿ ਸੱਚਾਈ ਤੋਂ ਪਰੇ ਕੁਝ ਨਹੀਂ ਹੋ ਸਕਦਾ ਤੇ ਸੱਚਾਈ ਇਹ ਹੈ ਕਿ ਆਪ ਸਰਕਾਰ ਪਰਦੀਪ ਕਲੇਰ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ ਜੋ ਕਿ 2015 ਦੇ ਬਰਗਾੜੀ ਵਿਖੇ ਹੋਏ ਬੇਅਦਬੀ ਮਾਮਲੇ ਦਾ ਮੁੱਖ ਦੋਸ਼ੀ ਸੀ। ਉਹਨਾਂ ਕਿਹਾ ਕਿ ਪ੍ਰਦੀਪ ਕਲੇਰ ਨੂੰ ਪਹਿਲਾਂ ਖੁੱਲ੍ਹਾ ਘੁੰਮਣ ਦਿੱਤਾ ਗਿਆ ਤੇ ਜਦੋਂ ਪਤਾ ਲੱਗਾ ਹੈ ਕਿ ਉਸਨੇ ਇਕ ਸਿਆਸੀ ਆਗੂ ਦੇ ਘਰ ਸ਼ਰਣ ਲਈ ਗਈ ਹੈ ਤਾਂ ਹਿਚਕਿਚਾਹਟ ਮਗਰੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਵੀ ਉਸ ’ਤੇ ਬੇਅਦਬੀ ਤੋਂ ਬਾਅਦ ਪੋਸਟਰ ਲਗਾਉਣ ਦੇ ਦੋਸ਼ ਲਗਾਏ ਨਾ ਕਿ ਬੇਅਦਬੀ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰਨ ਦੇ ਦੋਸ਼ ਲਗਾਉਣ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਲੇਰ ਨੇ ਗੁਰਮੀਤ ਰਾਮ ਰਹੀਮ ਦੀ ਨਜ਼ਦੀਕੀ ਹਨੀਪ੍ਰੀਤ ਦੇ ਮਾਮਲੇ ਵਿਚ ਸ਼ਾਮਲ ਹੋਣ ਦਾ ਨਾਮ ਲਿਆ ਪਰ ਇਸਦੇ ਬਾਵਜੂਦ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਾਢੇ ਚਾਰ ਸਾਲਾਂ ਤੱਕ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੇਸ ਚਲਾਉਣ ਦੀ ਪ੍ਰਵਾਨਗੀ ਵੀ ਨਹੀਂ ਦਿੱਤੀ।
ਸਰਦਾਰ ਰੋਮਾਦਾ ਨੇ ਸਰਕਾਰ ’ਤੇ ਜਾਂਚ ਬਾਰੇ ਝੂਠ ਬੋਲਣ ਦੇ ਦੋਸ਼ ਲਗਾਏ। ਉਹਨਾਂ ਕਿਹਾ ਕਿ ਬਰਗਾਡੀ ਬੇਅਦਬੀ ਕੇਸ ਦੀ ਜਾਂਚ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਪੂਰੀ ਕੀਤੀ ਤੇ ਇਸਦੀ ਰਿਪੋਰਟ 2022 ਵਿਚ ਮੁੱਖ ਮੰਤਰੀ ਨੂੰ ਸੌਂਪੀ। ਉਹਨਾਂ ਕਿਹਾ ਕਿ ਇਸ ਵਿਚ ਸਪਸ਼ਟ ਦੱਸਿਆ ਗਿਆ ਹੈ ਕਿ ਕਿਸੇ ਵੀ ਅਕਾਲੀ ਜਾਂ ਭਾਜਪਾ ਆਗੂ ਦੀ ਬੇਅਦਬੀ ਵਿਚ ਸ਼ਮੂਲੀਅਤ ਨਹੀਂ ਹੈ ਤੇ ਕੇਸ ਵਿਚ ਸੁਣਵਾਈ ਵੀ ਹੋ ਚੁੱਕੀ ਹੈ।
ਬਹਿਬਲ ਕਲਾਂ ਪੁਲਿਸ ਫਾਇਰਿੰਗ ਕੇਸ ਜਿਸਦੀ ਜਾਂਚ ਮੌਜੂਦਾ ਐਸ ਆਈ ਟੀ ਕਰ ਰਹੀ ਹੈ ਅਤੇ ਜਿਸ ਵਿਚ ਸਰਦਾਰ ਬਾਦਲ ਨੂੰ ਅੱਜ ਤਲਬ ਕੀਤਾ ਗਿਆ ਸੀ, ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਕੇਸ ਵਿਚ ਵੀ ਦੋ ਐਸ ਆਈ ਟੀਜ਼ ਅਦਾਲਤ ਵਿਚ 4 ਚਲਾਨ ਪੇਸ਼ ਕਰ ਚੁੱਕੀਆਂ ਹਨ।
ਇਸ ਮੌਕੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਬਹਿਬਲ ਕਲਾਂ ਕੇਸ ਵਿਚ ਤਿੰਨ ਵਾਰ ਐਸ ਆਈ ਟੀ ਕੋਲ ਪੇਸ਼ ਹੋ ਚੁੱਕੇਹਨ। ਉਹਨਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਿਖਤੀ ਸਵਾਲ ਦੇਣ ਤੋਂ ਕਿਉਂ ਇਨਕਾਰੀ ਹੈ ਜਿਵੇਂ ਕਿ ਇਸਨੇ ਪੁਲਿਸ ਅਫਸਰਾਂ ਸਮੇਤ 94 ਲੋਕਾਂ ਨੂੰ ਦਿੱਤੇ। ਜੇਕਰ ਪੁਲਿਸ ਅਫਸਰਾਂ ਨੂੰ ਲਿਖਤੀ ਸਵਾਲ ਦਿੱਤੇ ਜਾ ਸਕਦੇ ਹਨ ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਉਂ ਨਹੀਂ ?
- Download Babushahi App
-
-