ਲੁਧਿਆਣਾ/ਕੋਲਕਾਤਾ:19 ਅਗਸਤ 2019 - ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੱਛਮੀ ਬੰਗਾਲ ਨੂੰ ਗੁਰੂ ਨਾਨਕ ਸੰਦੇਸ਼ ਯਾਤਰਾ ਜਥਾ ਅੱਜ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਛੇ ਮੈਂਬਰੀ ਵਫ਼ਦ ਦੇ ਮੈਂਬਰ ਪ੍ਰੋ: ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਗੁਰਦਵਾਰਾ ਸਿੱਖ ਸੰਗਤ ਡਨਲਪ ਬਰਿੱਜ ਤੇ ਸ਼੍ਰੀ ਗੁਰੂ ਸਿੰਘ ਸਭਾ ਰਾਸ਼ ਬਿਹਾਰੀ ਐਵੇਨਿਊ ਭਵਾਨੀਪੁਰ ਵਿਖੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੋਲਕਾਤਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਚੇਰੀ ਸਿਖਿਆ ਲਈ ਕੋਈ ਕਾਲਿਜ ਰਾਜ ਸਰਕਾਰ ਨੂੰ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਇਸਤਰੀ ਜਾਤੀ ਦੇ ਸਰਬਪੱਖੀ ਵਿਕਾਸ, ਵਾਤਾਵਰਣ ਸੰਭਾਲ , ਕਿਰਤ ਸਭਿਆਚਾਰ ਤੇ ਗਲੋਬਲ ਤੌਰ ਤੇ ਸੁਚੇਤ ਵਿਕਸਤ ਮਨੁੱਖ ਦੀ ਉਸਾਰੀ ਹੋ ਸਕੇ।

ਇਸ ਕਾਰਜ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਸਥਾਨਕ ਸਿੱਖ ਲੀਡਰਸ਼ਿਪ ਦੀ ਅਗਵਾਈ ਤੇ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਨਾਨਕ ਨਾਮ ਲੇਵਾ ਪਰਿਵਾਰ ਆਪੋ ਆਪਣੇ ਘਰਾਂ ਵਿੱਚ ਘੱਟੋ ਘੱਟ 51 ਪੰਜਾਬੀ ਪੁਸਤਕਾਂ ਦੀ ਲਾਇਬਰੇਰੀ ਸਥਾਪਿਤ ਕਰੇ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਰਬ ਸਾਂਝੀਵਾਲਤਾ ਹੈ। ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ 13 ਕਰੋੜ ਨਾਨਕ ਪੰਥੀ ਵੀਰਾਂ ਨੂੰ ਬੁੱਕਲ ਵਿਚ ਲਿਆ ਜਾਵੇ ਜਿਸ ਨਾਲ ਗੁਰੂ ਆਸ਼ੇ ਦਾ ਪ੍ਰਕਾਸ਼ ਵਿਸ਼ਵ ਵਿਆਪੀ ਹੋਵੇ।
ਵਫਦ ਵਿੱਚ ਸ਼ਾਮਿਲ ਸੀ ਟੀ ਯੂਨੀਵਰਸਿਟੀ ਲੁਧਿਆਣਾ ਦੇ ਰਜਿਸਟਰਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਾਤਾਵਰਣ ਸੰਭਾਲ , ਗਊ ਗਰੀਬ ਦੀ ਰਖਵਾਲੀ ਲਈ ਵੀ ਗੁਰੂ ਉਪਦੇਸ਼ ਘਰ ਘਰ ਪਹੁੰਚਾਉਣਾ ਚਾਹੀਦਾ ਹੈ।
ਇਸ ਵਫਦ ਵਿੱਚ ਦੋਹਾ ਕਤਰ ਤੋਂ ਆਏ ਕੈਮੀਕਲ ਇੰਜਨੀਅਰ ਸ: ਗੁਰਮੇਲ ਸਿੰਘ ਧਾਲੀਵਾਲ ਭੰਮੀਪੁਰਾ(ਜਗਰਾਉਂ) ਉੱਘੇ ਸਨਅਤਕਾਰ ਸ: ਕੁਲਵਿੰਦਰ ਸਿੰਘ ਚਾਨੇ , ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਸ਼ਵਨੀ ਮਹੰਤ ਸ਼ਾਮਿਲ ਹਨ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਗੁਰਦਵਾਰਾ ਸਾਹਿਬਾਨ ਦੇ ਪ੍ਰਧਾਨ ਦੇਵਿੰਦਰ ਸਿੰਘ ਬੈਨੀਪਾਲ ਤੇ ਸਤਵੰਤ ਸਿੰਘ ਕਮਾਲਪੁਰਾ ਜੀ ਨੂੰ ਵਫਦ ਦੇ ਸਮੂਹ ਮੈਂਬਰਾਂ ਨੇ ਸਨਮਾਨਿਤ ਕੀਤਾ।
ਕੋਲਕਾਤਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਪ੍ਰਧਾਨ ਮੇਘ ਸਿੰਘ ਸਿੱਧੂ, ਪ੍ਰਸਿੱਧ ਵਿਦਵਾਨ ਜਗਮੋਹਨ ਸਿੰਘ ਗਿੱਲ, ਬਲਬੀਰ ਸਿੰਘ ਖੋਸਾ ਤੇ ਗੁਰਦੀਪ ਸਿੰਘ ਚੀਮਾ ਨੇ ਵਫਦ ਦੇ ਅੰਗ ਸੰਗ ਰਹਿ ਕੇ ਅਗਵਾਈ ਕੀਤੀ।
ਖਾਲਸਾ ਸੀਨੀ: ਸੈਕੰਡਰੀ ਮਾਡਲ ਸਕੂਲ ਡਨਲਪ ਬਰਿਜ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨਾਲ ਵੀ ਅਲੱਗ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਲਈ ਵਿਚਾਰ ਚਰਚਾ ਕੀਤੀ ਗਈ। ਪੰਜਾਬ ਤੋਂ ਆਏ ਕਥਾ ਵਾਚਕ ਗਿਆਨੀ ਨਵਤੇਜ ਸਿੰਘ ਜੀ ਨੇ ਬੜੇ ਸਾਰਥਿਕ ਸੁਝਾਅ ਦਿੱਤੇ।