ਖੰਨਾ 'ਚ ਵੱਡੀ ਵਾਰਦਾਤ: ਸੰਘਾੜਿਆਂ ਦੇ ਛੱਪੜ 'ਚੋਂ 20 ਸਾਲਾ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ ਫੈਲੀ ਸਨਸਨੀ
Ravinder Singh
ਖੰਨਾ, 31 ਅਕਤੂਬਰ 2026: ਖੰਨਾ ਦੇ ਮੀਟ ਮਾਰਕੀਟ ਨੇੜੇ ਸਥਿਤ ਸੰਘਾੜਿਆਂ ਦੇ ਛੱਪੜ ਵਿੱਚੋਂ ਇੱਕ 20 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਬਣ ਗਿਆ। ਛੱਪੜ ਵਿੱਚ ਲਾਸ਼ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ-2 ਦੇ ਮੁੱਖ ਅਫ਼ਸਰ (ਐੱਸ.ਐੱਚ.ਓ.) ਤਰਵਿੰਦਰ ਬੇਦੀ ਆਪਣੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਪੁਲਿਸ ਅਧਿਕਾਰੀ ਐੱਸ.ਪੀ. ਹਰਪਿੰਦਰ ਕੌਰ ਗਿੱਲ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਸਥਾਨਕ ਨਿਵਾਸੀਆਂ ਅਨੁਸਾਰ ਜਿਸ ਜਗ੍ਹਾ ਤੋਂ ਲਾਸ਼ ਬਰਾਮਦ ਹੋਈ ਹੈ, ਉਹ ਇਲਾਕਾ ਨਸ਼ੇੜੀਆਂ ਅਤੇ ਅਪਰਾਧਿਕ ਅਨਸਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਇਹ ਥਾਂ ਨਸ਼ੇ ਦੇ 'ਹੋਟ ਸਪਾਟ' ਵਜੋਂ ਜਾਣੀ ਜਾਂਦੀ ਹੈ।
ਐੱਸ.ਐੱਚ.ਓ. ਤਰਵਿੰਦਰ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਮੋਬਾਈਲ ਦੀ ਕਿਸ਼ਤ ਭਰਨ ਵਾਲਾ ਇੱਕ ਕਾਰਡ ਬਰਾਮਦ ਹੋਇਆ ਸੀ, ਜਿਸ ਤੋਂ ਉਸ ਦੀ ਪਛਾਣ ਸਚਿਨ ਕੁਮਾਰ (ਉਮਰ 20 ਸਾਲ) ਵਾਸੀ ਦਲੀਪ ਨਗਰ (ਸਿਟੀ-1, ਖੰਨਾ) ਵਜੋਂ ਹੋਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦੇ ਪਿਤਾ ਅੰਮ੍ਰਿਤ ਪਾਲ ਵੀ ਮੌਕੇ 'ਤੇ ਪਹੁੰਚੇ।
ਰੋਂਦੇ ਹੋਏ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬੀਤੀ ਰਾਤ ਤੋਂ ਲਾਪਤਾ ਸੀ। ਉਹ ਕਿਤਾਬ ਬਾਜ਼ਾਰ ਵਿੱਚ ਆਪਣੇ ਮੋਬਾਈਲ ਦੀ ਕਿਸ਼ਤ ਜਮ੍ਹਾਂ ਕਰਵਾਉਣ ਲਈ ਗਿਆ ਸੀ ਅਤੇ ਉਸ ਦੇ ਨਾਲ ਇੱਕ ਹੋਰ ਸਾਥੀ ਵੀ ਸੀ। ਪਰ ਜਦੋਂ ਉਹ ਦੇਰ ਰਾਤ ਤੱਕ ਘਰ ਵਾਪਸ ਨਹੀਂ ਪਰਤਿਆ, ਤਾਂ ਪਰਿਵਾਰ ਨੇ ਉਸ ਦੀ ਕਾਫ਼ੀ ਭਾਲ ਕੀਤੀ। ਕੋਈ ਸੁਰਾਗ ਨਾ ਮਿਲਣ 'ਤੇ ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਸੀ। ਅੱਜ ਸ਼ਾਮ ਨੂੰ ਉਨ੍ਹਾਂ ਨੂੰ ਮੀਟ ਮਾਰਕੀਟ ਨੇੜੇ ਛੱਪੜ ਵਿੱਚ ਲਾਸ਼ ਮਿਲਣ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ।
ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦਾ ਮੋਬਾਈਲ ਵੀ ਗਾਇਬ ਹੈ, ਜਿਸ ਤੋਂ ਕਤਲ ਦਾ ਖ਼ਦਸ਼ਾ ਜਾਪਦਾ ਹੈ। ਮ੍ਰਿਤਕ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਮੌਕੇ 'ਤੇ ਪਹੁੰਚੇ ਐੱਸ.ਪੀ. ਹਰਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਵਲੋਂ ਹਰ ਪਹਿਲੂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵੀ ਮੌਕੇ 'ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਬਿਗੜ ਰਹੀ ਕਾਨੂੰਨ-ਵਿਵਸਥਾ ਅਤੇ ਇਲਾਕੇ 'ਚ ਵਧ ਰਹੇ ਨਸ਼ਿਆਂ 'ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਤੁਰੰਤ ਇਨਸਾਫ਼ ਦਿਵਾਇਆ ਜਾਵੇ।
- Download Babushahi App
-
-