ਝੋਟਾ ਕਤਲ ਕਾਂਡ: ਭਲਕੇ 25 ਅਕਤੂਬਰ ਨੂੰ ਪੰਜਾਬ ਭਰ ’ਚ ਝਾੜੂ ਫੂਕਣ ਲਈ ਤਿਆਰੀਆਂ ਮੁਕੰਮਲ
ਅਸ਼ੋਕ ਵਰਮਾ
ਮਾਨਸਾ, 25 ਅਕਤੂਬਰ 2026: ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਅਤੇ ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਭਲਕੇ 25 ਅਕਤੂਬਰ ਨੂੰ ਪੰਜਾਬ ਭਰ ਵਿੱਚ ਝਾੜੂ ਫੂਕਣ ਦੇ ਰੋਸ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਕਸ਼ਨ ਕਮੇਟੀ ਨੇ ਇਹ ਜਾਣਕਾਰੀ ਦਿੰਦਿਆਂ ਲੋਕਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੂੰ ਇਸ ਐਕਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਕਮੇਟੀ ਨੇ ਦੱਸਿਆ ਕਿ ਰੋਸ ਪ੍ਰੋਗਰਾਮ ਦੌਰਾਨ ਝਾੜੂ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਣ ਦੇ ਨਾਲ ਨਸ਼ਿਆਂ ਵਿਰੁੱਧ ਮਤੇ ਵੀ ਪਾਸ ਕੀਤੇ ਜਾਣਗੇ। ਇਨ੍ਹਾਂ ਰਾਹੀਂ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ, ਨੌਜਵਾਨਾਂ ਦੀਆਂ ਜਾਨਾਂ ਬਚਾਉਣ ਅਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਆਵਾਜ਼ ਉਠਾਈ ਜਾਵੇਗੀ।
ਕਮੇਟੀ ਨੇ ਕਿਹਾ ਕਿ ਝੋਟਾ ਦੇ ਕਤਲ ਦਾ ਇਨਸਾਫ਼ ਮੰਗ ਰਹੇ ਪਰਿਵਾਰ ਨਾਲ ਖੜ੍ਹਨ ਦੇ ਨਾਲ ਉਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਲੜਾਈ ਨੂੰ ਅੱਗੇ ਲਿਜਾਣਾ ਵੀ ਇਸ ਐਕਸ਼ਨ ਦਾ ਮਕਸਦ ਹੈ। ਪੁੱਤ ਗੁਆ ਚੁੱਕੀਆਂ ਮਾਵਾਂ ਅਤੇ ਉੱਜੜੇ ਪਰਿਵਾਰਾਂ ਦੀ ਪੀੜ ਦਾ ਹਵਾਲਾ ਦਿੰਦਿਆਂ ਕਮੇਟੀ ਨੇ ਅਪੀਲ ਕੀਤੀ ਕਿ ਹੋਰ ਘਰਾਂ ਵਿੱਚ ਸੱਥਰ ਵਿਛਣ ਤੋਂ ਰੋਕਣ ਲਈ ਲੋਕ ਸਾਂਝੇ ਤੌਰ ’ਤੇ ਆਵਾਜ਼ ਬੁਲੰਦ ਕਰਨ।
ਐਕਸ਼ਨ ਕਮੇਟੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਅਸਤੀਫ਼ਿਆਂ ਦੀ ਮੰਗ ’ਤੇ ਉਸ ਦਾ ਰੁਖ਼ ਕਾਇਮ ਹੈ।
- Download Babushahi App
-
-