DC ਵੱਲੋਂ ਭੱਠਿਆਂ ਵਿੱਚ ਬਾਲਣ ਵਜੋਂ 30 ਫ਼ੀਸਦੀ ਝੋਨੇ ਦੀ ਪਰਾਲੀ ਦੀਆਂ ਪੈਲਟਾਂ ਦੀ ਵਰਤਣ ਦੇ ਹੁਕਮ
ਡਿਪਟੀ ਕਮਿਸ਼ਨਰ ਵੱਲੋਂ ਇੱਟਾਂ ਦੇ ਭੱਠਿਆਂ ਦੇ ਮਾਲਕਾਂ ਨਾਲ ਮੀਟਿੰਗ
ਭੱਠਾ ਮਾਲਕਾਂ ਦੀ ਐਸੋਸੀਏਸ਼ਨ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ
ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2026: ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਟਾਂ ਦੇ ਭੱਠਿਆਂ ਵਿੱਚ ਇੱਟਾਂ ਬਣਾਉਣ ਲਈ ਬਾਲਣ ਵਜੋਂ 30 ਫ਼ੀਸਦੀ ਝੋਨੇ ਦੀ ਪਰਾਲੀ ਦੀਆਂ ਗਿੱਟੀਆਂ ਦੀ ਵਰਤੋਂ ਕਰਨੀ ਲਾਜ਼ਮੀ ਹੈ। ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਇੱਟਾਂ ਦੇ ਭੱਠਿਆਂ ਵਾਸਤੇ ਸਬੰਧਤ ਗਿੱਟੀਆਂ ਬਣਾਉਣ ਵਾਲੀਆਂ ਫੈਕਟਰੀਆਂ ਤੋਂ ਗਿੱਟੀਆਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣਾ ਜ਼ਰੂਰੀ ਹੈ।
ਇਹ ਗੱਲ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਨੇ ਅੱਜ ਇੱਥੇ ਜ਼ਿਲ੍ਹੇ ਦੇ ਇੱਟਾਂ ਦੇ ਭੱਠਿਆਂ ਦੇ ਮਾਲਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 143 ਇੱਟਾਂ ਦੇ ਭੱਠੇ ਚਾਲੂ ਹਨ, ਜਿਨ੍ਹਾਂ ਵੱਲੋਂ ਇਸ ਸੀਜ਼ਨ ਦੌਰਾਨ ਲਗਭਗ 20,000 ਟਨ ਝੋਨੇ ਦੀ ਪਰਾਲੀ ਦੀਆਂ ਪੈਲਟਾਂ ਦੇ ਰੂਪ ਵਿੱਚ ਵਰਤੋਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇੱਟਾਂ ਦੇ ਨਿਰਮਾਣ ਲਈ ਗਿੱਟੀਆਂ ਦੀ ਵਰਤੋਂ ਕੋਲੇ ਦੇ ਨਾਲ ਬਾਲਣ ਵਜੋਂ ਕੀਤੀ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਖੇਤਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ, ਸਗੋਂ ਇਸ ਦੀ ਸੁਚੱਜੀ ਵਰਤੋਂ ਵੀ ਯਕੀਨੀ ਬਣਦੀ ਹੈ। ਇਸ ਦੇ ਨਾਲ ਹੀ ਗਿੱਟੀਆਂ ਨੂੰ ਬਾਲਣ ਵਜੋਂ ਵਰਤਣਾ ਕੋਲੇ ਨੂੰ ਸਾੜਨ ਦੇ ਮੁਕਾਬਲੇ ਵਾਤਾਵਰਣ ਪੱਖੋਂ ਵਧੇਰੇ ਅਨੁਕੂਲ ਮੰਨਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਟਾਂ ਦੇ ਭੱਠਿਆਂ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਦੌਰਾਨ ਲਗਭਗ 20,000 ਟਨ ਝੋਨੇ ਦੀ ਪਰਾਲੀ ਦੀਆਂ ਗਿੱਟੀਆਂ ਦੀ ਖਪਤ ਹੋਵੇਗੀ। ਉਨ੍ਹਾਂ ਭੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਗਿੱਟੀਆਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਉਹ ਆਪਣੇ ਨੇੜਲੇ ਪੈਲਟ ਬਣਾਉਣ ਵਾਲੇ ਯੂਨਿਟਾਂ ਨਾਲ ਸਮਝੌਤਾ ਪੱਤਰ (ਐਮਓਯੂ) ਸਹੀਬੱਧ ਕਰਨ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸ੍ਰੀਮਤੀ ਰੂਬੀ ਸਿੱਧੂ, ਡੀਐੱਫਐੱਸਸੀ ਸ੍ਰੀ ਗੁਰਤਾਰ ਸਿੰਘ, ਡੀਐੱਫਐੱਸਓ ਸ੍ਰੀ ਹਰਸ਼ਿਤ ਮਹਿਤਾ, ਇੱਟਾਂ ਦੇ ਭੱਠਿਆਂ ਦੇ ਮਾਲਕ ਅਤੇ ਹੋਰ ਹਾਜ਼ਰ ਸਨ।
- Download Babushahi App
-
-